ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਦਸੰਬਰ
ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਬੰਧੀ ਪਿਛਲੇ 35 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਭਾਰੀ ਠੰਢ ਦੇ ਬਾਵਜੂਦ ਮੰਗੋਲੀ ਜਾਟਾਨ ਤੋਂ ਕਿਸਾਨਾਂ ਦਾ ਚੌਥਾ ਜਥਾ ਦਿੱਲੀ ਲਈ ਰਵਾਨਾ ਹੋਇਆ। ਹਾਕਮ ਸਿੰਘ ਮੰਗੋਲੀ ਤੇ ਦੇਵੀ ਚੰਦ ਮੰਗੋਲੀ ਦੀ ਅਗਵਾਈ ਵਿਚ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਦੇ ਜਥੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਖਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤਦ ਤੱਕ ਪਿੰਡ ’ਚ ਕਿਸਾਨਾਂ ਦੇ ਜਥੇ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿੰਡਾਂ ’ਚ ਭਾਜਪਾ ਦੇ ਮੰਤਰੀਆਂ, ਸੰਸਦਾਂ ਤੇ ਵਿਧਾਇਕਾਂ ਦਾ ਬਾਈਕਾਟ ਕਰਨਗੇ। ਦੇਸ਼ ਵਿਚ ਅੰਨ ਪੈਦਾ ਕਰਨ ਵਾਲਾ ਕਿਸਾਨ ਆਪਣੀਆਂ ਫਸਲਾਂ ਦੇ ਭਾਅ ਲਈ ਸੜਕਾਂ ’ਤੇ ਧੱਕੇ ਖਾ ਰਿਹਾ ਹੈ ਪਰ ਸਰਕਾਰ ਉਨ੍ਹਾਂ ਨੂੰ ਲਗਾਤਾਰ ਗੁਮਰਾਹ ਕਰ ਰਹੀ ਹੈ।