ਰਤਨ ਸਿੰਘ ਢਿੱਲੋਂ
ਅੰਬਾਲਾ, 27 ਮਈ
ਛਾਉਣੀ ਦੇ ਰਾਮਪੁਰ ਸਰਸੇਹੜੀ ਖੇਤਰ ਵਿਚ ਐਲੋਵੇਰਾ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਬਣਾਏ ਗਏ 22 ਸ਼ੈਡ ਸਵੇਰੇ ਅੱਗ ਲੱਗਣ ਨਾਲ ਸੜ ਕੇ ਸਵਾਹ ਹੋ ਗਏ। ਇਥੇ ਬਣੇ 45 ਸ਼ੈਡਾਂ ਵਿਚ ਕਰੀਬ 250 ਮਜ਼ਦੂਰ ਰਹਿ ਰਹੇ ਹਨ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਛਾਉਣੀ ਫਾਇਰ ਸਟੇਸ਼ਨ ਦੇ ਸਬ ਫਾਇਰ ਅਫਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਤੜਕੇ ਕਰੀਬ 3 ਵਜੇ ਸ਼ੈਡਾਂ ਵਿਚੋਂ ਧੂੰਆਂ ਨਿਕਲਦਾ ਵੇਖ ਕੇ ਮਜ਼ਦੂਰਾਂ ਨੇ ਰੌਲਾ ਪਾ ਦਿੱਤਾ। ਉਨ੍ਹਾਂ ਦੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਥੇ ਰਹਿਣ ਵਾਲਿਆਂ ਨੂੰ ਅੱਗ ਤੋਂ ਦੂਰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਅਤੇ ਹਰੇਕ ਸ਼ੈੱਡ ਵਿਚੋਂ ਮਜ਼ਦੂਰਾਂ ਵੱਲੋਂ ਵਰਤੇ ਜਾਣ ਵਾਲੇ ਕਰੀਬ 20 ਛੋਟੇ ਅਤੇ ਇਕ ਵੱਡਾ ਸਿਲੰਡਰ ਬਾਹਰ ਕੱਢੇ। ਪ੍ਰਦੀਪ ਕੁਮਾਰ ਨੇ ਕਿਹਾ ਕਿ ਜੇ ਇਕ ਵੀ ਸਿਲੰਡਰ ਫਟ ਜਾਂਦਾ ਤਾਂ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ। ਇਸ ਦੌਰਾਨ 20-22 ਸ਼ੈੱਡ ਸੜ ਕੇ ਸਵਾਹ ਹੋ ਚੁੱਕੇ ਸਨ।ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਮਜ਼ਦੂਰਾਂ ਦਾ ਘਰੇਲੂ ਸਮਾਨ ਪੂਰੀ ਤਰ੍ਹਾਂ ਸੜ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ।