ਯਮੁਨਾਨਗਰ (ਦੇਵਿੰਦਰ ਸਿੰਘ): ਜ਼ਿਲ੍ਹੇ ਦੀ ਮੰਡੀਆਂ ਵਿੱਚ ਆਇਆ ਲੱਖਾਂ ਕੁਇੰਟਲ ਝੋਨਾ ਭਾਰੀ ਮੀਂਹ ਕਾਰਨ ਬੁਰੀ ਤਰ੍ਹਾਂ ਭਿੱਜ ਗਿਆ। ਮੌਸਮ ਵਿਭਾਗ ਵੱਲੋਂ ਹਾਲਾਂਕਿ ਪਹਿਲਾਂ ਹੀ ਸੂਬੇ ਵਿੱਚ ਮੀਂਹ ਪੈਣ ਚਿਤਾਵਨੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਵਿਖਾਈ। ਜਾਣਕਾਰੀ ਮੁਤਾਬਿਤ ਮੰਡੀਆਂ ਵਿੱਚ ਕਣਕ ਦਾ ਸਟਾਕ ਸ਼ੈੱਡ ਹੇਠ ਰੱਖਿਆ ਹੋਇਆ ਹੈ, ਜਿਸ ਕਾਰਨ ਤੇਜ਼ੀ ਨਾਲ ਆ ਰਹੇ ਝੋਨੇ ਦੀ ਫ਼ਸਲ ਨੂੰ ਖੁੱਲ੍ਹੇ ਅਸਮਾਨ ਹੇਠ ਰੱਬ ਆਸਰੇ ਰੱਖਿਆ ਗਿਆ, ਜੋ ਅੱਜ ਭਿੱਜ ਗਿਆ। ਇਸ ਦੌਰਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਅਨਾਜ ਮੰਡੀ ਵਿੱਚ ਪਏ ਝੋਨੇ ਨੂੰ ਤਰਪਾਲ ਨਾਲ ਢਕਣ ਦੀ ਕੋਸ਼ਿਸ ਵੀ ਕੀਤੀ ਗਈ ਪਰ ਤੇਜ਼ ਬਰਸਾਤ ਵਿੱਚ ਇਹ ਇੰਤਜਾਮ ਨਾਕਾਮ ਸਾਬਤ ਹੋਏ ਅਤੇ ਝੋਨਾ ਬਰਸਾਤ ਵਿੱਚ ਭਿੱਜ ਗਿਆ। ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਦੋਂ ਝੋਨਾ ਸੁੱਕੇਗਾ ਅਤੇ ਕਦੋਂ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆਉਣਗੇ, ਕਿਉਂ ਕਿ ਸਰਕਾਰ ਨੇ 16 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਖਰੀਦ ’ਤੇ ਪਾਬੰਦੀ ਲਗਾ ਰੱਖੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਅਧਿਕਾਰੀਆਂ ਨਾਲ ਮੰਡੀਆਂ ਦਾ ਦੌਰਾ ਕੀਤਾ ਅਤੇ ਮੰਡੀ ਪ੍ਰਸ਼ਾਸਨ ਨੂੰ ਪੁਖਤਾ ਇੰਤਜਾਮ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਉਨ੍ਹਾਂ ਅਣਗਹਿਲੀ ਕਰਨ ’ਤੇ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ।