ਰਤਨ ਸਿੰਘ ਢਿੱਲੋਂ
ਅੰਬਾਲਾ, 29 ਜਨਵਰੀ
ਇੱਥੋਂ ਦੇ ਸ਼ੰਭੂ ਟੌਲ ਪਲਾਜ਼ਾ ’ਤੇ ਅੱਜ ਮੁੜ ਪੰਜਾਬ ਤੋਂ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਦਿੱਲੀ ਵੱਲ ਜਾਂਦੇ ਦੇਖੇ ਗਏ। ਇੱਥੇ ਡਟੇ ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਭਲਕੇ ਸ਼ੰਭੂ ਟੌਲ ਪਲਾਜ਼ਾ ’ਤੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਰਾਕੇਸ਼ ਟਿਕੈਤ ਦੇ ਧੰਨਵਾਦੀ ਹਨ, ਜਿਨ੍ਹਾਂ ਦੀ ਅੱਖਾਂ ’ਚੋਂ ਵਹੇ ਅੱਥਰੂਆਂ ਕਾਰਨ ਗਾਜ਼ੀਪੁਰ ਹੱਦ ’ਤੇ ਪੱਛਮੀ ਯੂਪੀ ਦੇ ਕਿਸਾਨਾਂ ਦਾ ਹੜ੍ਹ ਆ ਗਿਆ ਹੈ। ਅੱਜ ਸਿੰਘੂ ਹੱਦ ’ਤੇ ਕਥਿਤ ਆਰਐੱਸਐੱਸ-ਭਾਜਪਾ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਹਮਲੇ ਬਾਰੇ ਟਿੱਪਣੀ ਕਰਦਿਆਂ ਗੁਲਾਬ ਸਿੰਘ ਨੇ ਕਿਹਾ ਕਿ ਸਥਾਨਕ ਲੋਕ ਤਾਂ ਧਰਨਾਕਰੀਆਂ ਨੂੰ ਸਹੂਲਤਾਂ ਦੇ ਰਹੇ ਹਨ। ਹਮਲਾਵਰ 25-30 ਸਾਲ ਦੀ ਉਮਰ ਦੇ ਨੌਜਵਾਨ ਸਨ, ਜਿਨ੍ਹਾਂ ਦਾ ਸਥਾਨਕ ਲੋਕਾਂ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਹ ਸ਼ੰਭੂ ਨੂੰ ਹੀ ਸਿੰਘੂ ਬਾਰਡਰ ਬਣਾ ਦੇਣਗੇ। ਨੌਜਵਾਨ ਕਿਸਾਨ ਸ਼ੰਮੀ ਸਿੰਘ ਪਿੰਡ ਹਮਾਂਯੂਪੁਰ ਨੇ ਦੱਸਿਆ ਕਿ ਉਹ ਇਥੇ ਮੋਰਚਾ ਸੰਭਾਲਣਗੇ ਅਤੇ ਰਾਤ ਨੂੰ ਵੀ ਟੌਲ ਪਲਾਜ਼ਾ ’ਤੇ ਰਹਿਣਗੇ। ਉਨ੍ਹਾਂ ਕਿਹਾ ਭਲਕੇ ਅੰਬਾਲਾ ਤੋਂ ਕਿਸਾਨ ਸੈਂਕੜੇ ਟਰੈਕਟਰ-ਟਰਾਲੀਆਂ ਨਾਲ ਸਿੰਘੂ ਲਈ ਰਵਾਨਾ ਹੋਣਗੇ। ਅੱਜ ਛਾਉਣੀ ਦੇ ਪਿੰਡ ਕੱਲਰਹੇੜੀ ਵਿੱਚ ਕਿਸਾਨਾਂ ਨੇ ਮੀਟਿੰਗ ਕਰਕੇ ਦਿੱਲੀ ਜਾਣ ਲਈ ਕਿਹਾ। ਪਿੰਡ ਵਾਲਿਆਂ ਨੇ ਖੇੜੇ ਦੇ ਨੇੜੇ ਕੀਤੀ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਭਲਕੇ ਹਰੇਕ ਪਿੰਡ ਵਿੱਚੋਂ 5-5 ਟਰਾਲੀਆਂ ਸਿੰਘੂ ਹੱਦ ਵੱਲ ਰਵਾਨਾ ਹੋਣਗੀਆਂ। ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਅੱਜ 11 ਪਿੰਡਾਂ ਵਿੱਚ ਮੀਟਿੰਗਾਂ ਕਰ ਚੁੱਕੇ ਹਨ ਅਤੇ ਲੋਕ ਦੂਣੇ ਉਤਸ਼ਾਹ ਨਾਲ ਅੰਦੋਲਨ ਦੀ ਹਮਾਇਤ ਕਰ ਰਹੇ ਹਨ।