ਦਵਿੰਦਰ ਸਿੰਘ
ਯਮੁਨਾਨਗਰ, 21 ਅਗਸਤ
ਇੱਥੇ ਆਪਣੀਆਂ ਮੰਗਾਂ ਦੇ ਹੱਲ ਲਈ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਅਤੇ ਸਰਵ ਕਰਮਚਾਰੀ ਸੰਘ ਦੇ ਮੈਂਬਰਾਂ ਨੂੰ ਪੁਲੀਸ ਨੇ ਅਗਰਸੇਨ ਚੌਕ ’ਤੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਜਿਵੇਂ ਹੀ ਮੁਲਾਜ਼ਮਾਂ ਨੇ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਤੇ ਮੁਲਾਜ਼ਮਾਂ ਵਿਚਾਲੇ ਧੱਕਾ-ਮੁੱਕੀ ਹੋਈ। ਮੁਲਾਜ਼ਮ ਬੈਰੀਕੇਡਾਂ ‘ਤੇ ਚੜ੍ਹ ਗਏ ਅਤੇ ਦੂਜੇ ਪਾਸੇ ਆਉਣ ਲੱਗੇ। ਪੁਲੀਸ ਨੇ ਥੋੜ੍ਹੀ ਸਖਤੀ ਵਰਤਦਿਆਂ ਵਾਟਰ ਕੈਨਨ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ, ਪਰ ਮੁਲਾਜ਼ਮਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਅੱਗੇ ਵਧਣ ਦੀ ਕੋਸ਼ਿਸ਼ ਜਾਰੀ ਰੱਖੀ। ਇਸ ਤੋਂ ਬਾਅਦ ਪ੍ਰਸ਼ਾਸਨ ਅਤੇ ਮੁਲਾਜ਼ਮਾਂ ਵਿਚਕਾਰ ਇਹ ਫੈਸਲਾ ਹੋਇਆ ਕਿ ਮੁਲਾਜ਼ਮਾਂ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਣ ਜਾ ਸਕਦਾ ਹੈ।
ਇਸ ਦੌਰਾਨ ਮੁਲਾਜ਼ਮ ਉੱਥੇ ਹੀ ਡੇਰੇ ਲਾ ਕੇ ਬੈਠ ਗਏ ਜਦੋਂ ਕਿ ਮੁਲਾਜ਼ਮਾਂ ਦੇ ਕੁਝ ਆਗੂ ਗੱਲਬਾਤ ਕਰਨ ਲਈ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ। ਸਟਾਫ਼ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਘਰਾਂ ਤੋਂ 400 ਕਿਲੋਮੀਟਰ ਦੂਰ ਸੇਵਾ ਕਰ ਰਹੇ ਮੁਲਾਜ਼ਮਾਂ ਦੇ ਤਬਾਦਲੇ ਉਨ੍ਹਾਂ ਦੇ ਘਰਾਂ ਦੇ ਲਾਗੇ ਕੀਤੇ ਜਾਣ ਅਤੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਤਰਜ਼ ’ਤੇ ਤਨਖ਼ਾਹ ਦਿੱਤੀ ਜਾਵੇ। ਤੀਸਰੀ ਮੰਗ ਬਾਰੇ ਉਨ੍ਹਾਂ ਨੇ ਕਿਹਾ ਕਿ ਮਰਜ ਕੀਤੇ ਸਕੂਲਾਂ ਨੂੰ ਵਾਪਸ ਲਿਆ ਜਾਵੇ। ਮਨਿਸਟੀਰੀਅਲ ਸਟਾਫ਼ ਆਗੂਆਂ ਨੂੰ ਵਿਸਥਾਰ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਆਉਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।