ਨਿਜੀ ਪੱਤਰ ਪ੍ਰੇਰਕ
ਅੰਬਾਲਾ, 23 ਜਨਵਰੀ
ਸੰਜੈ ਟ੍ਰਾਂਸਪੋਰਟ ਮੰਡੌਰ (ਅੰਬਾਲਾ) ਤੋਂ ਲੰਘੀ ਦੇਰ ਰਾਤ ਗੱਡੀ ਲੋਡ ਕਰਨ ਆਏ ਡਰਾਈਵਰ ਕ੍ਰਿਸ਼ਨ ਵਾਸੀ ਢਾਂਡਾ ਖੇੜੀ ਜ਼ਿਲ੍ਹਾ ਜੀਂਦ ਨੂੰ ਉਸ ਦੇ ਸਾਥੀ ਡਰਾਈਵਰ ਅਤੇ ਕਲੀਨਰਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਪੁਲੀਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਵੱਡੇ ਭਰਾ ਰਾਕੇਸ਼ ਨੇ ਕਿਹਾ ਕਿ ਉਸ ਦਾ ਛੋਟਾ ਭਰਾ ਕ੍ਰਿਸ਼ਨ (21) ਪ੍ਰਾਈਵੇਟ ਗੱਡੀ (ਨੰਬਰ ਐਚਆਰ-56ਏ-6408) ’ਤੇ ਡਰਾਈਵਰੀ ਕਰਦਾ ਸੀ ਅਤੇ ਪੰਕਜ ਉਸ ਨਾਲ ਕਲੀਨਰ ਸੀ। 22/23 ਜਨਵਰੀ ਦੀ ਰਾਤ 12.15 ਵਜੇ ਦੇ ਕਰੀਬ ਉਹ ਮੰਡੌਰ ਸਥਿਤ ਸੰਜੈ ਟ੍ਰਾਂਸਪੋਰਟ ਤੋਂ ਸਾਮਾਨ ਲੱਦਣ ਲਈ ਆਇਆ ਸੀ ਜਿਥੇ ਉਸ ਦੇ ਕਲੀਨਰ ਪੰਕਜ ਵਾਸੀ ਜੁਲਾਨੀ (ਜੀਂਦ), ਐਚਆਰ-56ਏ-6421 ਦੇ ਡਰਾਈਵਰ ਸੁਮਿਤ ਅਤੇ ਉਸ ਦੇ ਕਲੀਨਰ ਜਗਪਾਲ ਨੇ ਉਸ ਨਾਲ ਲੜਾਈ ਝਗੜਾ ਕਰ ਕੇ ਗੰਭੀਰ ਸੱਟਾਂ ਮਾਰੀਆਂ ਜਿਸ ਕਾਰਨ ਕ੍ਰਿਸ਼ਨ ਦੀ ਮੌਤ ਹੋ ਗਈ। ਮੁਲਜ਼ਮ ਕ੍ਰਿਸ਼ਨ ਦੀ ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਵਿੱਚ ਲੈ ਗਏ ਜਿਥੋਂ ਅੰਬਾਲਾ ਪੁਲੀਸ ਨੂੰ ਸੂਚਨਾ ਪ੍ਰਾਪਤ ਹੋਈ। ਪੰਜੋਖਰਾ ਪੁਲੀਸ ਨੇ ਰਾਕੇਸ਼ ਦੇ ਬਿਆਨ ’ਤੇ ਸੁਮਿਤ ਵਾਸੀ ਪਿੰਡ ਕਾਲਤਾ (ਜੀਂਦ), ਪੰਕਜ ਵਾਸੀ ਜੁਲਾਨੀ (ਜੀਂਦ) ਅਤੇ ਜਗਪਾਲ ਉਰਫ਼ ਬਿੱਟੂ ਵਾਸੀ ਗੁਪਤਾ ਕਲੋਨੀ ਟੋਹਾਣਾ ਜ਼ਿਲ੍ਹਾ ਫਤਿਹਾਬਾਦ ਦੇ ਖ਼ਿਲਾਫ਼ ਧਾਰਾ 302/34 ਤਹਿਤ ਕੇਸ ਦਰਜ ਕਰ ਲਿਆ ਹੈ।