ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ,14 ਮਾਰਚ
ਲੋਕਤੰਤਰ ਸੁਰਕਸ਼ਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਇਬ ਸਿੰਘ ਪਟਾਕ ਮਾਜਰਾ ਆਪਣੇ ਸੈਂਕੜੇ ਸਾਥੀਆਂ ਤੇ ਕਈ ਪਾਰਟੀ ਆਹੁਦੇਦਾਰਾਂ ਸਣੇ ਪਾਰਟੀ ਨੂੰ ਛੱਡ ਦਿੱਤਾ। ਉਨਾਂ ਨੇ ਪਹਿਲਾਂ ਇਸ ਸਬੰਧੀ ਸਮਰਥਕਾਂ ਨਾਲ ਮੀਟਿੰਗ ਕੀਤੀ ਮਗਰੋਂ ਸਾਰਿਆਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਰਟੀ ਛੱਡੀ ਹੈ ਪਰ ਰਾਜਨੀਤੀ ਰਾਹੀਂ ਉਹ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਦਾ ਸੰਘਰਸ਼ਸ਼ੀਲ ਰਹਿਣਗੇ। ਸ੍ਰੀ ਸੈਣੀ ਨੇ ਕਿਹਾ ਕਿ ਉਹ ਉਸ ਪਾਰਟੀ ਵਿਚ ਸ਼ਾਮਲ ਹੋਣਗੇ ਜੋ ਜਨ ਹਿਤੈਸ਼ੀ , ਜਨ ਕਲਿਆਣਕਾਰੀ ਨੀਤੀਆਂ ਨੂੰ ਲਾਗੂ ਕਰਨ ਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਵਾਲੀ ਪਾਰਟੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ, ਮਜ਼ਦੂਰ,ਵਪਾਰੀ ,ਕਰਮਚਾਰੀ ਤੇ ਨੌਜਵਾਨ ਵਰਗ ਬੇਹਦ ਪ੍ਰੇਸ਼ਾਨ ਹੈ। ਅੱਜ ਭਾਜਪਾ ਦੀਆਂ ਜਨ ਵਿਰੋਧੀ ਨੀਤੀਆਂ ਕਰਕੇ ਦੇਸ਼ ਵਿਚ ਟੈਕਸਾਂ ਦੀ ਭਰਮਾਰ ਹੈ ਤੇ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਕਿ ਭਾਜਪਾ ਦੀਆਂ ਗਲਤ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਕਮਰਕਸੇ ਕਰ ਲੈਣ। ਇਸ ਮੌਕੇ ਲੋਸਪਾ ਦੇ ਹਲਕਾ ਪ੍ਰਧਾਨ ਕ੍ਰਿਸ਼ਨ ਕਸ਼ਯਪ, ਸੁਭਾਸ਼ ਕਸੀਥਲ, ਤਰਸੇਮ ਰਾਏ, ਸੁਰੇਸ਼ ਸੈਣੀ ਮਾਜਰਾ , ਨਰੇਂਦਰ ਕੁਮਾਰ ਮੌਜੂਦ ਸਨ।