ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਜੁਲਾਈ
ਪੁਲੀਸ ਨੇ ਅੰਬਾਲਾ ਸ਼ਹਿਰ ਵਿਚ ਬਿਜਲੀ ਨਿਗਮ ਦੇ ਦਫ਼ਤਰ ਨੂੰ ਤਾਲਾ ਲਾ ਕੇ ਧਰਨੇ ’ਤੇ ਬੈਠੇ ਨਗਰ ਨਿਗਮ ਦੇ ਡਿਪਟੀ ਮੇਅਰ ਰਾਜੇਸ਼ ਮਹਿਤਾ, ਕੌਂਸਲਰ ਜਸਬੀਰ ਸਿੰਘ ਤੇ ਫਕੀਰ ਸਿੰਘ ਅਤੇ ਹੋਰਨਾਂ ਨੂੰ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ’ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਹੈ। ਜਾਣਕਾਰੀ ਅਨੁਸਾਰ ਪਿਛਲੇ ਪੰਜ ਦਿਨਾਂ ਤੋਂ ਅੰਬਾਲਾ ਸ਼ਹਿਰ ਵਿਚ ਬਿਜਲੀ ਨਾ ਆਉਣ ਕਰਕੇ ਪੈਦਾ ਹੋਈ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕਾਂ ਨੇ ਘਾਹ ਮੰਡੀ ਸਥਿਤ ਬਿਜਲੀ ਨਿਗਮ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ ਅਤੇ ਡਿਪਟੀ ਮੇਅਰ ਰਾਜੇਸ਼ ਮਹਿਤਾ, ਕੌਂਸਲਰ ਜਸਬੀਰ ਸਿੰਘ ਤੇ ਫਕੀਰ ਚੰਦ ਹੋਰਨਾਂ ਦੇ ਨਾਲ ਧਰਨੇ ’ਤੇ ਬੈਠ ਗਏ। ਪੁਲੀਸ ਨੇ ਐਸਡੀਓ ਜੋਗਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਹਿਰਾਸਤ ਵਿਚ ਲਏ ਲੋਕਾਂ ਨੂੰ ਸ਼ਾਮ ਪੰਜ ਵਜੇ ਰਿਹਾਅ ਕਰ ਦਿੱਤਾ ਗਿਆ।