ਪੱਤਰ ਪ੍ਰੇਰਕ
ਪੰਚਕੂਲਾ, 2 ਜੁਲਾਈ
ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ.ਬਨਵਾਰੀ ਲਾਲ ਦੀ ਅਗਵਾਈ ਹੇਠ ਪੰਜ ਮੈਂਬਰੀ ਵਫਦ ਇਟਲੀ ਅਤੇ ਜਰਮਨੀ ਦੇ ਦੌਰੇ ’ਤੇ ਪੁੱਜਿਆ ਜੋ ਅਨਾਜ ਦੀ ਖਰੀਦ ਪ੍ਰਣਾਲੀ ਦਾ ਅਧਿਐਨ ਕਰੇਗਾ ਅਤੇ ਅਨਾਜ ਦੀ ਸਟੋਰੇਜ ਲਈ ਖੇਤੀਬਾੜੀ ਭੰਡਾਰ ਅਤੇ ਸਾਈਲੋ ਨਾਲ ਸਬੰਧਤ ਨਵੀਆਂ ਤਕਨਾਲੋਜੀਆਂ ਬਾਰੇ ਵੀ ਜਾਣਕਾਰੀ ਹਾਸਲ ਕਰੇਗਾ। ਇਸ ਤੋਂ ਇਲਾਵਾ ਵਫਦ ਵਲੋਂ ਕਾਰੋਬਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ। ਵਫਦ ਵਿਚ ਵਿਧਾਇਕ ਦੀਪਕ ਮੰਗਲਾ, ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਹੈਫੇਡ ਦੇ ਐੱਮਡੀ ਏ. ਸ੍ਰੀਨਿਵਾਸ, ਸਹਿਕਾਰਤਾ ਵਿਭਾਗ ਦੀ ਉੱਪ ਸਕੱਤਰ ਸ਼ਿਵਜੀਤ ਭਾਰਤੀ, ਹੈਫੇਡ ਦੇ ਜਨਰਲ ਮੈਨੇਜਰ ਅਰੁਣ ਕੁਮਾਰ ਅਹੂਜਾ ਸ਼ਾਮਲ ਹਨ। ਵਫਦ ਨੇ ਅੱਜ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਉੱਤਰੀ ਇਟਲੀ ਦੇ ਸਾਈਲੋ ਤਕਨਾਲੋਜੀ ਨਿਰਮਾਣ ਕੇਂਦਰਾਂ ਦਾ ਦੌਰਾ ਕੀਤਾ।