ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਅਗਸਤ
ਦੋ ਆਵਾਰਾ ਸਾਨ੍ਹਾਂ ਦੇ ਆਪਸੀ ਭੇੜ ਵਿਚ 11 ਸਾਲਾ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਬੱਚੀ ਸਵੇਰੇ ਆਪਣੇ ਘਰ ਤੋਂ ਦੁੱਧ ਲੈਣ ਲਈ ਦੁਕਾਨ ’ਤੇ ਜਾ ਰਹੀ ਸੀ ਤਾਂ ਰਸਤੇ ਵਿਚ ਦੋ ਆਵਾਰਾ ਸਾਨ ਆਪਸ ਵਿਚ ਭਿੜ ਰਹੇ ਸਨ। ਬੱਚੀ ਕੋਲੋਂ ਨਿਕਲਣ ਲੱਗੀ ਤਾਂ ਉਹ ਸਾਨਾਂ ਦੇ ਭੇੜ ਦੀ ਲਪੇਟ ’ਚ ਆ ਗਈ। ਇਸ ਘਟਨਾ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ। ਬੱਚੀ ਦਾ ਪਰਿਵਾਰ ਘਰਾਂ ਵਿਚ ਸਫ਼ਾਈ ਆਦਿ ਦੇ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਨਗਰ ਪਾਲਿਕਾ ਦੇ ਨਵ-ਨਿਯੁਕਤ ਪ੍ਰਧਾਨ ਗੁਲਸ਼ਨ ਕਵਾਤਰਾ ਦੇ ਆਵਾਰਾ ਪਸ਼ੂਆਂ ਸਬੰਧੀ ਕੀਤੇ ਦਾਅਵਿਆਂ ਦੀ ਅੱਜ ਪੋਲ ਖੁੱਲ੍ਹ ਗਈ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਰਾਮ ਕਰਨ ਕਾਲਾ ਮੌਕੇ ’ਤੇ ਪੁੱਜੇ ਤੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਵਿਚ ਇਨ੍ਹਾਂ ਪਸ਼ੂਆਂ ਨੂੰ ਲੋੜ ਮੁਤਾਬਕ ਚਾਰਾ ਨਹੀਂ ਮਿਲ ਰਿਹਾ, ਜਿਸ ਕਰਕੇ ਇਨ੍ਹਾਂ ਨੂੰ ਗਊਸ਼ਾਲਾਵਾਂ ਵਿਚ ਵੀ ਨਹੀਂ ਭੇਜਿਆ ਜਾ ਰਿਹਾ ਹੈ।