ਸਿਰਸਾ: ਇੱਥੋਂ ਦੇ ਪਿੰਡ ਮੌਜਦੀਨ ਦੀ ਰਹਿਣ ਵਾਲੀ ਰੇਨੂ ਬਾਲਾ ਸਿਵਲ ਜੱਜ ਬਣ ਗਈ ਹੈ। ਉਸ ਨੇ ਨੇ ਬੀਸੀਏ ਕੈਟੇਗਰੀ ’ਚ 11ਵਾਂ ਰੈਂਕ ਪ੍ਰਾਪਤ ਕਰਕੇ ਮਾਪਿਆਂ, ਪਿੰਡ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਰੇਨੂ ਬਾਲਾ ਦੇ ਸਿਰ ਤੋਂ ਪਿਤਾ ਦਾ ਸਾਇਆ ਉਠਣ ਮਗਰੋਂ ਉਸ ਦੇ ਮਾਮਾ ਗੁਰਮੇਜ ਸਿੰਘ ਨੇ ਉਸ ਨੂੰ ਪੜ੍ਹਾਇਆ, ਜਿਸ ਦੇ ਸਦਕਾ ਅੱਜ ਰੇਨੂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਰੇਨੂ ਦੇ ਜੱਜ ਬਣਨ ਮਗਰੋਂ ਪਰਿਵਾਰ ਤੋਂ ਇਲਾਵਾ ਪਿੰਡ ਮੌਜਦੀਨ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਰੇਨ ਦੱਸਿਆ ਕਿ ਪੜ੍ਹਾਈ ਕਰਨ ਵੇਲੇ ਕਾਫੀ ਔਕੜਾਂ ਵੇਖੀਆਂ ਹਨ ਪਰ ਹੁਣ ਮੰਜ਼ਿਲ ਪ੍ਰਾਪਤ ਹੋਣ ’ਤੇ ਸਭ ਕੁਝ ਭੁੱਲ ਜਾਵੇਗਾ। ਰੇਨੂ ਬਾਲਾ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਇਕ ਧੀ ਤੇ ਦੋ ਪੁੱਤਰ ਹਨ। ਰੇਨੂ ਜਦੋਂ ਦੋ ਸਾਲ ਦੀ ਸੀ ਤਾਂ ਉਸ ਤੋਂ ਪਿਓ ਦਾ ਸਾਇਆ ਉੱਠ ਗਿਆ। ਪਿੰਡ ਠੋਬਰੀਆ ਦੀ ਦੋ ਕਿੱਲੇ ਬਰਾਨੀ ਜ਼ਮੀਨ ’ਚੋਂ ਪਰਿਵਾਰ ਦਾ ਗੁਜ਼ਾਰਾ ਹੋਣਾ ਔਖਾ ਹੋਇਆ ਤਾਂ ਰੇਨੂ ਬਾਲਾ ਦੇ ਮਾਮਾ ਗੁਰਮੇਜ ਸਿੰਘ ਨੇ ਉਸ ਨੂੰ ਆਪਣੇ ਪਿੰਡ ਲਿਆਂਦਾ ਅਤੇ ਆਪਣੇ ਧੀ-ਪੁੱਤਰ ਨਾਲ ਰੇਨੂ ਦੀ ਪੜ੍ਹਾਈ ਲਿਖਾਈ ਕਰਵਾਈ, ਜਿਸ ਮਗਰੋਂ ਰੇਣੂ ਇਸ ਮੁਕਾਮ ’ਤੇ ਪੁੱਜੀ ਹੈ। -ਨਿੱਜੀ ਪੱਤਰ ਪ੍ਰੇਰਕ