ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਰੋਹਿਤ ਵਟਸ ਦੀ ਅਦਾਲਤ ਨੇ ਭਾਜਪਾ ਆਗੂ ਸੁਰਿੰਦਰ ਤਿਵਾੜੀ ਵੱਲੋਂ ਦੈਨਿਕ ਹਿੰਦੀ ਅ਼ਖ਼ਬਾਰ ਦੇ ਪੱਤਰਕਾਰਾਂ ਖ਼ਿਲਾਫ਼ ਦਰਜ ਕਰਾਏ ਮਾਮਲੇ ਵਿਚ ਦੋ ਪੱਤਰਕਾਰਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਮਾਮਲਾ ਦਰਜ ਕਰਾਉਣ ਵਾਲੀ ਧਿਰ ਵੱਲੋਂ ਮਾਣਯੋਗ ਜੱਜ ਦੇ ਸਾਹਮਣੇ ਸ਼ਿਕਾਇਤਕਰਤਾ ਅਤੇ ਪੱਤਰਕਾਰਾਂ ਵਿਚਾਲੇ ਟੈਲੀਫ਼ੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਅਤੇ ਸਕ੍ਰਿਪਟ ਪੇਸ਼ ਕੀਤੀ ਗਈ। ਪੁਲੀਸ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਵਿਚ ਭਾਜਪਾ ਨੇਤਾ ਸੁਰਿੰਦਰ ਤਿਵਾੜੀ ਨੇ ਦੋਸ਼ ਲਾਇਆ ਕਿ ਦੋਸ਼ੀ ਪੱਤਰਕਾਰਾਂ ਨੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਰਿਸ਼ਵਤ ਮੰਗੀ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋ ਪੱਤਰਕਾਰਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਦੇ ਹੁਕਮ ਸੁਣਾਉਂਦਿਆਂ ਕਿਹਾ ਕਿ ਇਹ ਹੁਕਮ ਸਿਰਫ਼ ਐਫਆਈਆਰ 62 ਦੇ ਸਬੰਧ ਵਿਚ ਹਨ। ਇਸੇ ਤਰ੍ਹਾਂ ਐਫਆਈਆਰ 420 ਵਿਚ ਉਕਤ ਅਦਾਲਤ ਨੇ ਹਿੰਦੀ ਦੈਨਿਕ ਅਖ਼ਬਾਰ ਦੇ ਦੋ ਪੱਤਰਕਾਰਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਜਦੋਂ ਕਿ ਦੂਜੇ ਪੱਤਰਕਾਰਾਂ ਦੀਆਂ ਜ਼ਮਾਨਤਾਂ ਖ਼ਾਰਜ ਕਰ ਦਿੱਤੀਆਂ ਜਿਨ੍ਹਾਂ ਸਬੰਧੀ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਵਿਚ 23 ਅਗਸਤ ਨੂੰ ਹੋਣੀ ਹੈ।