ਪ੍ਰਭੂ ਦਿਆਲ
ਸਿਰਸਾ, 11 ਮਈ
ਇੱਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਮਰੀਜ਼ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਪਰਿਵਾਰ ਨੇ ਹਸਪਤਾਲ ਸੰਚਾਲਕ ’ਤੇ ਮਰੀਜ਼ ਨੂੰ ਦਾਖ਼ਲ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਵੀਡਓ ਵੀ ਵਾਇਰਲ ਹੋਈ ਹੈ। ਹਸਪਤਾਲ ਦੇ ਸੰਚਾਲਕ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਸਿਵਲ ਸਰਜਨ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁਚਾਨ ਕੋਟਲੀ ਵਾਸੀ ਅਮਰ ਸਿੰਘ ਦੀ ਮਾਤਾ ਅਚਾਨਕ ਬਿਮਾਰ ਹੋ ਗਈ। ਅਮਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਉਸ ਦੀ ਮਾਤਾ ਦੀ ਆਕਸੀਜਨ ਘਟ ਗਈ ਤਾਂ ਉਹ ਉਨ੍ਹਾਂ ਨੂੰ ਸਿਰਸਾ ਸਥਿਤ ਸੰਜੀਵਨੀ ਹਸਪਤਾਲ ਲੈ ਆਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਦੇ ਸੰਚਾਲਕ ਨੇ ਕਾਫੀ ਦੇਰ ਤੱਕ ਦਾਖ਼ਲ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੀ ਮਾਤਾ ਹਸਪਤਾਲ ਦੀਆਂ ਪੌੜੀਆਂ ’ਤੇ ਪਈ-ਪਈ ਨੇ ਦਮ ਤੋੜ ਦਿੱਤਾ। ਉਧਰ ਹਸਪਤਾਲ ਦੇ ਸੰਚਾਲਕ ਅੰਜਨੀ ਅਗਰਵਾਲ ਨੇ ਕਿਹਾ ਹੈ ਕਿ ਮਰੀਜ਼ ਦੀ ਸਥਿਤੀ ਕਾਫੀ ਖ਼ਰਾਬ ਸੀ ਅਤੇ ਹਸਪਤਾਲ ਵਿੱਚ ਪਹਿਲਾਂ ਹੀ ਕਰੋਨਾ ਦੇ ਜ਼ਿਆਦਾ ਮਰੀਜ਼ ਸਨ। ਇਸ ਸਬੰਧੀ ਸਾਰੀ ਜਾਣਕਾਰੀ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ ਲੈ ਜਾਣ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਧਰ ਸਿਰਸਾ ਦੇ ਸਿਵਲ ਸਰਜਨ ਡਾ. ਮਨੀਸ਼ ਬਾਂਸਲ ਨੇ ਕਿਹਾ ਕਿ ਹਸਪਤਾਲ ਵੱਲੋਂ ਮਰੀਜ਼ ਨੂੰ ਦਾਖ਼ਲ ਨਾ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕੋਈ ਵੀ ਹਸਪਤਾਲ ਸੰਚਾਲਕ ਮਰੀਜ ਨੂੰ ਦਾਖ਼ਲ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ।