ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 27 ਜੂਨ
ਇੱਥੋਂ ਦੀ ਗ੍ਰੀਨ ਫੀਲਡ ਕਲੋਨੀ ਦੇ ਮੁੱਖ ਬਾਜ਼ਾਰ ਦੇ ਵਿਚਕਾਰ ਕਰ ਕੇ ਲਾਏ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕਿਸੇ ਵੀ ਸਥਾਨਕ ਸਿੱਖ ਆਗੂ ਵੱਲੋਂ ਸਾਰ ਨਹੀਂ ਲਈ ਗਈ। ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਦਿਹਾੜੇ ਆਉਂਦੇ-ਜਾਂਦੇ ਰਹਿੰਦੇ ਹਨ ਪਰ ਸਥਾਨਕ ਸਿੱਖ ਜਾਂ ਸਿੱਖ ਆਗੂ ਇਸ ਬੁੱਤ ਦੀ ਸਾਰ ਲੈਣ ਲਈ ਨਹੀਂ ਪੁੱਜੇ। ਇਹ ਬੁੱਤ 14 ਜੂਨ 2003 ਨੂੰ ਸਾਬਕਾ ਆਈਏਐੱਸ ਭੂਰੇ ਲਾਲ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸਥਾਪਤ ਕੀਤਾ ਗਿਆ ਸੀ। ਹੁਣ ਬੁੱਤ ਦੇ ਆਲੇ-ਦੁਆਲੇ ਹਾਲਤ ਖ਼ਰਾਬ ਹੋਈ ਪਈ ਹੈ। ਬੁੱਤ ਦੇ ਥੜ੍ਹੇ ਉੱਤੇ ਪਿੱਪਲ ਉੱਗ ਆਇਆ ਹੈ ਜੋ ਬੁੱਤ ਦੇ ਉੱਤੋਂ ਦੀ ਦਿਖਾਈ ਦਿੰਦਾ ਹੈ। ਫੁਹਾਰਾ ਟੁੱਟ ਚੁੱਕਾ ਤੇ ਜੰਗਾਲਿਆ ਜਾ ਚੁੱਕਾ ਹੈ। ਫੁਹਾਰੇ ਦੇ ਗੋਲ ਚੁਬੱਚੇ ਵਿੱਚ ਝਾੜੀਆਂ ਉੱਗ ਆਈਆਂ ਹਨ ਤੇ ਫਰਸ਼ ਟੁੱਟ ਚੁੱਕੀ ਹੈ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ 27 ਜੂਨ 1839 ਨੂੰ ਹੋਈ ਸੀ ਤੇ ਅੱਜ ਸਿੱਖ ਰਾਜ ਸਥਾਪਿਤ ਕਰਨ ਵਾਲੇ ਮਹਾਰਾਜਾ ਨੂੰ ਸਥਾਨਕ ਸਿੱਖ ਆਗੂਆਂ ਨੇ ਯਾਦ ਤੱਕ ਨਹੀਂ ਕੀਤਾ। ਬੁੱਤ ਕੋਲ ਕੋਈ ਨਹੀਂ ਪਹੁੰਚਿਆ ਅਤੇ ਸਥਾਪਤ ਕਰਨ ਵਾਲਿਆਂ ਨੇ ਵੀ ਧਿਆਨ ਨਹੀਂ ਦਿੱਤਾ।
ਇਸ ਸਬੰਧੀ ਸਾਬਕਾ ਕੌਂਸਲਰ ਜਸਵੰਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਲਈ ਮਾੜੀ ਗੱਲ ਹੈ ਕਿ ਬਰਸੀ ਮੌਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਯਾਦ ਨਹੀਂ ਕੀਤਾ।