ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 16 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ੁੱਕਰਵਾਰ ਨੂੰ ਕੁਰੂਕਸ਼ੇਤਰ ਦੇ ਗੁਰੂਕੁੱਲ ਵਿੱਚ ਜੈਵਿਕ ਖੇਤੀ ਦੇ ਮਾਡਲ ਸਬੰਧੀ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰੱਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨਾਲ ਵਿਸਤਾਰ ਚਰਚਾ ਕੀਤੀ। ਇਸ ਦੌਰਾਨ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈਪ੍ਰਕਾਸ਼ ਦਲਾਲ ਅਤੇ ਗੁਜਰਾਤ ਦੇ ਖੇਤੀਬਾੜੀ ਮੰਤਰੀ ਰਾਘਵ ਪਟੇਲ ਮੌਜੂਦ ਰਹੇ।
ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵਿਸ਼ੇਸ਼ ਤੌਰ ’ਤੇ ਜੈਵਿਕ ਖੇਤੀ ਦੇ ਮਾਡਲ ਬਾਰੇ ਜਾਣਨ ਲਈ ਗੁਰੂਕੁੱਲ ਕੁਰੂਕਸ਼ੇਤਰ ਪਹੁੰਚੇ, ਜਿਨ੍ਹਾਂ ਨੇ ਕੁਦਰਤੀ ਖੇਤੀਬਾੜੀ ਫਾਰਮ ਦਾ ਦੌਰਾ ਕਰਕੇ ਉੱਥੇ ਉਗਾਈ ਜਾ ਰਹੀ ਫਸਲਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਦੱਸਣਯੋਗ ਹੈ ਕਿ ਦੇਸ਼ ਅਤੇ ਵਿਦੇਸ਼ ਵਿਚ ਕੁਦਰਤੀ ਖੇਤੀ ਵੱਲ ਕਿਸਾਨਾਂ ਅਤੇ ਖਪਤਕਾਰਾਂ ਦਾ ਰੁਝਾਨ ਵੱਧ ਰਿਹਾ ਹੈ। ਇਹ ਖੇਤੀ ਨਾ ਸਿਰਫ ਕਿਸਾਨਾਂ ਦੇ ਲਈ ਲਾਭਦਾਇਕ ਹੈ, ਸਗੋਂ ਇਸ ਤੋਂ ਪੈਦਾ ਹੋਣ ਵਾਲੇ ਖੇਤੀਬਾੜੀ ਉਤਪਾਦ ਖਪਤਕਾਰ ਦੀ ਸਿਹਤ ਲਈ ਵੀ ਫਾਇਦੇਮੰਦ ਹਨ। ਹਰਿਆਣਾ ਸਰਕਾਰ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਵੱਲੋਂ ਗਾਂ ਖਰੀਦਣ ’ਤੇ 25 ਹਜ਼ਾਰ ਰੁਪਏ ਦੀ ਰਕਮ ਬਤੌਰ ਸਬਸਿਡੀ ਦਿੱਤੀ ਜਾ ਰਹੀ ਹੈ।
ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰੱਤ ਨੇ ਕਿਹਾ ਕਿ ਅੱਜ ਖੇਤੀ ਵਿਚ ਰਸਾਈਣਿਕ ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਵੱਧ ਹੋ ਰਹੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋ ਰਹੀ ਹੈ। ਅੱਜ ਸਾਨੂੰ ਕੁਦਰਤੀ ਖੇਤੀ ਅਪਣਾਉਣ ਦੀ ਜ਼ਰੂਰਤ ਹੈ। ਇਸ ਨਾਲ ਬਣਿਆ ਭੋਜਨ ਸ਼ੁੱਧ ਹੁੰਦਾ ਹੈ ਤੇ ਕਿਸਾਨ ਦੀ ਆਮਦਨ ਵੱਧਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਹੈ ਕਿ ਭਾਰਤ ਦਾ ਕਿਸਾਨ ਖੁਸ਼ਹਾਲ ਹੋਵੇ, ਇਸ ਲਈ ਸਾਨੂੰ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਜ਼ਰੂਰਤ ਹੈ।
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਹਰਿਆਣਾ ਅਤੇ ਗੁਜਰਾਤ ਨੇ ਮਿਲ ਕੇ ਜੈਵਿਕ ਖੇਤੀ ਅਪਣਾਉਣ ਲਈ ਜੋ ਆਦਾਨ-ਪ੍ਰਦਾਨ ਕੀਤਾ ਹੈ, ਉਸ ਨੂੰ ਮੁਹਿੰਮ ਵਜੋਂ ਅਪਣਾ ਕੇ ਪੂਰੇ ਸੂਬੇ ਵਿਚ ਜਨ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ। ਦਲਾਲ ਨੇ ਕਿਹਾ ਕਿ ਗੁਜਰਾਤ ਦੇ ਰਾਜਪਾਲ ਨੇ ਕੁਦਰਤੀ ਖੇਤੀ ਦਾ ਬੀੜਾ ਚੁੱਕ ਕੇ ਕਿਸਾਲਾਂ ਦੀ ਆਮਦਨੀ ਵਧਾਉਣ ਦਾ ਜੋ ਟੀਚਾ ਦਿੱਤਾ ਹੈ, ਹਰਿਆਣਾ ਸਰਕਾਰ ਉਸ ਨੂੰ ਹਰ ਸੰਭਵ ਢੰਗ ਨਾਲ ਪੂਰਾ ਕਰੇਗੀ।