ਪ੍ਰਭੂ ਦਿਆਲ
ਸਿਰਸਾ, 18 ਸਤੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਨਬਿੇੜਾ ਕੀਤਾ।
ਭਾਰਤੀ ਕਿਸਾਨ ਏਕਤਾ ਵੱਲੋਂ ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਅਵਜ਼ੇ ਦਾ ਮੁੱਦਾ ਮੁੱਖ ਮੰਤਰੀ ਅੱਗੇ ਰੱਖਿਆ ਗਿਆ। ਭਾਰਤੀ ਕਿਸਾਨ ਯੂਨੀਅਨ (ਚਡੂਨੀ) ਵੱਲੋਂ ਖ਼ਰਾਬ ਹੋਈਆਂ ਫ਼ਸਲਾਂ ਤੋਂ ਇਲਾਵਾ ਲੰਪੀ ਸਕਿਨ ਬੀਮਾਰੀ ਨਾਲ ਮਰੇ ਪਸ਼ੂਆਂ ਦੇ ਮੁਆਵਜ਼ੇ ਦੀ ਮੰਗ ਕੀਤੀ। ਕਿਸਾਨ ਜਥੇਬੰਦੀਆਂ ਨੇ ਪੱਕੇ ਖਾਲਿਆਂ ਦੀ ਮੁਰੰਮਤ ਤੋਂ ਇਲਾਵਾ ਇਲਾਕੇ ਵਿੱਚ ਵੱਧ ਰਹੇ ਨਸ਼ਿਆਂ ਦਾ ਮੁੱਦਾ ਵੀ ਚੁੱਕਿਆ। ਪੈਨਸ਼ਨ ਲਵਾਉਣ ਆਈ 9 ਕਿੱਲਿਆਂ ਦਾ ਮਾਲਕ ਇਕ ਬਿਰਧ ਮਹਿਲਾ ਦੀ ਸ਼ਿਕਾਇਤ ਸੁਣਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੈਨਸ਼ਨ ਸਿਰਫ ਯੋਗ ਵਿਅਕਤੀਆਂ ਨੂੰ ਹੀ ਮਿਲੇਗੀ। ਜਦੋਂ ਮਹਿਲਾ ਨੇ ਤਿੰਨ ਕੁੜੀਆਂ-ਕੁੜੀਆਂ ਹੋਣ ਦੀ ਗੱਲ ਕਹੀ ਤਾਂ ਮੁੱਖ ਮੰਤਰੀ ਨੇ ਆਪਣੇ ਕੋਟੇ ਚੋਂ ਮਹਿਲਾ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਰੀਬ 227 ਸ਼ਿਕਾਇਤਾਂ ਸੁਣੀਆਂ ਤੇ ਉਨ੍ਹਾਂ ਦਾ ਨਬਿੇੜਾ ਕੀਤਾ। ਇਕ ਕਿਸਾਨ ਵੱਲੋਂ ਪਟਵਾਰੀ ਦੀ ਕੀਤੀ ਗਈ ਸ਼ਿਕਾਇਤ ’ਤੇ ਮੁੱਖ ਮੰਤਰੀ ਨੇ ਪਟਵਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਦੂੁਜੇ ਪਾਸੇ ਜਦੋਂ ਮੁੱਖ ਮੰਤਰੀ ਸੀਡੀਐਲਯੂ ਦੇ ਮਲਟੀਪਰਪਜ਼ ਹਾਲ ’ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ ਤਾਂ ਇਸੇ ਦੌਰਾਨ ‘ਆਪ’ ਨੇ ਜ਼ਿਲ੍ਹੇ ਵਿੱਚ ਵਧ ਰਹੇ ਨਸ਼ਿਆਂ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦਾ ਵਿਰੋਧ ਕੀਤਾ। ‘ਆਪ’ ਦੇ ਕਈ ਆਗੂ ਤੇ ਕਾਰਕੁਨ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਅੱਗੇ ਵੱਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲੀਸ ਤੇ ‘ਆਪ’ ਕਾਰਕੁਨਾਂ ਵਿਚਾਲੇ ਧੱਕਾ ਮੁੱਕੀ ਹੋਈ ਤੇ ਬਾਅਦ ਵਿੱਚ ਪੁਲੀਸ ‘ਆਪ’ ਕਾਰਕੁਨਾਂ ਨੂੰ ਗੱਡੀਆਂ ’ਤੇ ਚੜ੍ਹਾ ਕੇ ਦੂਰ ਛੱਡ ਆਏ।
‘ਆਪ’ ਦੇ 80 ਕਾਰਕੁਨ ਗ੍ਰਿਫ਼ਤਾਰ
ਏਲਨਾਬਾਦ (ਪੱਤਰ ਪ੍ਰੇਰਕ): ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੋ ਰੋਜ਼ਾ ਸਿਰਸਾ ਦੌਰੇ ਦੌਰਾਨ ਵਿਰੋਧ ਪ੍ਰਦਰਸ਼ਨ ਕਰ ਰਹੇ ‘ਆਪ’ ਦੇ ਲੱਗਪਗ 80 ਵਰਕਰਾਂ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਏਲਨਾਬਾਦ ਥਾਣਾ ਵਿੱਚ ਬੰਦ ਕਰ ਦਿੱਤਾ, ਜਿੱਥੇ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪਾਰਟੀ ਦੇ ਪੱਛਮੀ ਜ਼ੋਨ ਇੰਚਾਰਜ ਕੁਲਦੀਪ ਸਿੰਘ ਗਦਰਾਨਾ ਤੇ ਹੋਰ ਆਗੂਆਂ ਨੇ ਇਸ ਕਾਰਵਾਈ ਨੂੰ ਜੋ ਲੋਕਤੰਤਰ ਦਾ ਘਾਣ ਕਰਾਰ ਦਿੰਦਿਆਂ ‘ਆਪ’ ਵਰਕਰਾਂ ਨੇ ਆਖਿਆ ਕਿ ‘ਆਪ’ ਅਜਿਹੀ ਸਰਕਾਰੀ ਧੱਕੇਸ਼ਾਹੀ ਤੋਂ ਡਰਨ ਵਾਲੀ ਨਹੀ ਹੈ