ਪੱਤਰ ਪ੍ਰੇਰਕ
ਜੀਂਦ, 22 ਸਤੰਬਰ
ਸਾਬਕਾ ਕੇਂਦਰੀ ਮੰਤਰੀ ਅਤੇ ਕਲਾਇਤ ਹਲਕੇ ਤੋਂ ਰਹੇ ਸਾਬਕਾ ਵਿਧਾਇਕ ਜੈ ਪ੍ਰਕਾਸ਼ ਨੇ ਹਰਿਆਣਾ ਦੇ ਸਾਬਕਾ ਸੀਐੱਮ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪਰਿਵਾਰ ਉੱਤੇ ਸਿਆਸੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੀਂਦ ਜ਼ਿਲ੍ਹੇ ਦਾ ਸਭ ਤੋਂ ਵੱਧ ਨੁਕਸਾਨ ਚੌਟਾਲਾ ਪਰਿਵਾਰ ਨੇ ਕੀਤਾ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਵਰਿੰਦਰ ਸਿੰਘ ਨੇ ਵੀ ਕਦੀਂ ਇਸ ਜ਼ਿਲ੍ਹੇ ਦੇ ਲੋਕਾਂ ਦਾ ਭਲਾ ਨਹੀਂ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈ ਪ੍ਰਕਾਸ਼ ਉਰਫ ਜੇਪੀ ਨੇ ਕਿਹਾ ਕਿ ਹਿਸਾਰ ਸੰਸਦੀ ਖੇਤਰ ਤੋਂ ਮਨੀ ਰਾਮ ਬਾਗੜੀ ਨੂੰ ਛੱਡ ਕੇ ਬਾਕੀ ਸਾਰੇ ਸੰਸਦ ਜੀਂਦ ਜ਼ਿਲ੍ਹੇ ਤੋਂ ਰਹੇ। ਓਮ ਪ੍ਰਕਾਸ਼ ਚੌਟਾਲਾ ਸੰਨ 1999 ਵਿੱਚ ਜਦੋਂ ਹਰਿਆਣਾ ਦੇ ਸੀਐੱਮ ਬਣੇ ਤਾਂ ਉਨ੍ਹਾਂ ਨੇ ਹਿਸਾਰ ਸੰਸਦੀ ਖੇਤਰ ਦੇ ਜੀਂਦ ਵਿਧਾਨ ਸਭਾ ਖੇਤਰ ਨੂੰ ਸੋਨੀਪਤ ਸੰਸਦੀ ਖੇਤਰ ਵਿੱਚ ਬਦਲ ਦਿੱਤਾ। ਰਾਜੌਂਦ ਵਿਧਾਨ ਸਭਾ ਖੇਤਰ ਨੂੰ ਸਮਾਪਤ ਕਰ ਦਿੱਤਾ, ਨਰਵਾਣਾ ਵਿਧਾਨ ਸਭਾ ਖੇਤਰ ਨੂੰ ਸਿਰਸਾ ਸੰਸਦੀ ਖੇਤਰ ਵਿੱਚ ਮਿਲਾ ਦਿੱਤਾ। ਇਸ ਤੋਂ ਜੀਂਦ ਜ਼ਿਲ੍ਹੇ ਨੂੰ ਭਾਰੀ ਰਾਜਨੀਤਕ ਨੁਕਸਾਨ ਹੋਇਆ। ਓਮ ਪ੍ਰਕਾਸ਼ ਚੌਟਾਲਾ ਸਾਢੇ 5 ਸਾਲ ਪ੍ਰਦੇਸ਼ ਦੇ ਸੀਐੱਮ ਰਹੇ ਅਤੇ ਇਸ ਦੌਰਾਨ ਉਹ 5 ਸਾਲ ਨਰਵਾਣਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਹੇ ਪਰ ਜੀਂਦ ਵਿੱਚ ਵਿਕਾਸ ਦਾ ਇੱਕ ਵੀ ਵੱਡਾ ਕੰਮ ਨਹੀਂ ਕਰਵਾਇਆ।