ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਜੁਲਾਈ
ਸ਼ਾਹਬਾਦ ’ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਜਾ ਰਹੇ 6 ਕਰੋੜ 2 ਲੱਖ ਦੀ ਲਾਗਤ ਨਾਲ ਨਿਰਮਾਣ ਅਧੀਨ ਨਾਲਾ 40 ਮਹੀਨਿਆਂ ਬਾਅਦ ਵੀ ਅੱਧ ਵਿਚਾਲੇ ਲਟਕ ਰਿਹਾ ਹੈ। ਕਬਜ਼ਾਧਾਰਕਾਂ ਕਰ ਕੇ ਇਸ ਦਾ ਕੰਮ ਰੁਕਿਆ ਪਿਆ ਹੈ। ਤਿੰਨ ਸਾਲ ਚਾਰ ਮਹੀਨੇ ਬਾਅਦ ਵੀ ਇਸ ਨਾਲੇ ਦੀ ਸਫਾਈ ਤੱਕ ਨਹੀਂ ਹੋਈ, ਜਿਸ ਕਰਕੇ ਗੰਦਗੀ ਦਾ ਆਲਮ ਹੈ। ਆਰਟੀਆਈ ਕਾਰਕੁਨ ਰਾਕੇਸ਼ ਬੈਂਸ ਨੇ ਦੱਸਿਆ ਕਿ ਨਾਲੇ ਦੇ ਨਿਰਮਾਣ ’ਚ ਲੱਗੇ ਠੇਕੇਦਾਰ ਨੇ ਲਾਡਵਾ ਰੋਡ ਕੋਲੋਂ ਸੀਵਰੇਜ ਪਲਾਂਟ ਕੋਲ ਦੋ ਟੇੈਕਾਂ ਦਾ ਨਿਰਮਾਣ ਕੀਤਾ ਹੈ ਪਰ ਅਜੇ ਤਕ ਇਨ੍ਹਾਂ ਨੂੰ ਆਪਸ ਵਿਚ ਜੋੜਿਆ ਤੱਕ ਨਹੀਂ ਗਿਆ। ਬਣ ਰਿਹਾ ਨਾਲਾ ਸ਼ਾਹਬਾਦ ਬਰਾੜਾ ਰੋਡ ’ਤੇ ਹੀ ਅਧੂਰਾ ਹੈ ਤੇ ਜੀਟੀ ਰੋਡ ਅਰਵਿੰਦ ਹਸਪਤਾਲ ਦੇ ਕੋਲ ਹੀ ਨਾਲੇ ਦੇ ਸਰੀਏ ਬਾਹਰ ਦਿੱਸ ਰਹੇ ਹਨ, ਜਿਸ ਨਾਲ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਜਦ ਇਸ ਬਾਰੇ ਵਿਧਾਇਕ ਰਾਮ ਕਰਨ ਕਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਪਾਲਿਕਾ ਅਧਿਕਾਰੀਆਂ ਦੀ ਬੈਠਕ ਲਈ ਆਦੇਸ਼ ਦਿੱਤੇ ਹਨ ਕਿ ਇਸ ਨਾਲੇ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਟੈਂਕ ਖੁਦਵਾ ਦਿੱਤੇ ਹਨ ਤੇ ਬਰਸਾਤੀ ਪਾਣੀ ਨੂੰ ਪੰਪਾਂ ਰਾਹੀਂ ਇਸ ਨਾਲੇ ਵਿਚ ਪਾਇਆ ਜਾਵੇਗਾ। ਨਾਲਾ ਨਾ ਬਨਣ ਦਾ ਉਨ੍ਹਾਂ ਨੇ ਸਾਰਾ ਠੀਕਰਾ ਸਾਬਕਾ ਮੰਤਰੀ ਦੇ ਸਿਰ ਭੰਨਿਆ ਪਰ ਹੁਣ ਉਹ ਇਸ ਨੂੰ ਪੂਰਾ ਕਰਾਉਣਗੇ। ਜ਼ਿਕਰਯੋਗ ਹੈ ਕਿ ਬਣੇ ਹੋਏ ਨਾਲੇ ਦਾ ਲੈਵਲ ਕਈ ਥਾਵਾਂ ਤੋਂ ਉਚਾ ਨੀਵਾਂ ਹੈ, ਜਿਸ ਕਰਕੇ ਸਾਰਾ ਸ਼ਹਿਰ ਨਾਲੇ ਦੇ ਲੈਵਲ ਤੋਂ ਨੀਵਾਂ ਹੈ।
ਮੁਹਾਲੀ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਬਰਖ਼ਾਸਤ ਕੀਤੇ ਸਫ਼ਾਈ ਕਾਮੇ।
ਵੀਆਰ ਮਾਲ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ
ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 7 ਜੁਲਾਈ
ਵੀਆਰ ਪੰਜਾਬ ਮਾਲ ਬੱਲੋਮਾਜਰਾ ’ਚ ਕੰਮ ਕਰਦੇ ਸਫ਼ਾਈ ਮਜ਼ਦੂਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਬਿਨਾਂ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਮਾਮਲਾ ਭਖ ਗਿਆ ਹੈ। ਅੱਜ ਇੱਥੋਂ ਦੇ ਸੈਕਟਰ-57 ਦੇ ਪਾਰਕ ’ਚ ਬਰਖ਼ਾਸਤ ਸਫ਼ਾਈ ਮਜ਼ਦੂਰਾਂ ਨੇ ਮੀਟਿੰਗ ਕਰ ਕੇ ਸੰਘਰਸ਼ ਦੀ ਅਗਲੀ ਰਣਨੀਤੀ ਘੜੀ ਹੈ। ਇਸ ਮੀਟਿੰਗ ਵਿੱਚ ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ ਅਤੇ ਸੰਯੁਕਤ ਐਕਸ਼ਨ ਕਮੇਟੀ ਨਗਰ ਕੌਂਸਲ ਵਰਕਰਜ਼ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਸੂਦ, ਚੇਅਰਮੈਨ ਰਵਿੰਦਰ ਪਾਲ ਸਿੰਘ, ਖਜ਼ਾਨਚੀ ਸਤੀਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ ਅਤੇ ਸਫ਼ਾਈ ਮਜ਼ਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਉਨ੍ਹਾਂ ਦੀ ਬਹਾਲੀ ਦੀ ਮੰਗ ਕੀਤੀ।
ਆਗੂਆਂ ਨੇ ਦੱਸਿਆ ਕੀ ਵੀਆਰ ਮਾਲ ਪੰਜਾਬ ਵਿੱਚ ਕੰਮ ਕਰਦੇ ਸਫ਼ਾਈ ਮਜ਼ਦੂਰਾਂ ਨੂੰ ਬੀਤੀ ਇਕ ਮਈ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਪ੍ਰਬੰਧਕਾਂ ਨੇ ਸਫ਼ਾਈ ਕਰਮੀਆਂ ਨੂੰ ਅਗਾਊਂ ਕੋਈ ਨੋਟਿਸ ਵੀ ਨਹੀਂ ਦਿੱਤਾ, ਜਿਸ ਕਾਰਨ ਉਹ ਬੇਰੁਜ਼ਗਾਰ ਹੋ ਕੇ ਸੜਕਾਂ ’ਤੇ ਆ ਗਏ ਹਨ। ਇਸ ਸਬੰਧੀ ਕਿਰਤੀਆਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਰਤ ਵਿਭਾਗ ਪੰਜਾਬ ਦੇ ਇੰਸਪੈਕਟਰ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਅਤੇ ਮੰਗ ਕੀਤੀ ਗਈ ਕਿ ਸਫ਼ਾਈ ਮਜ਼ਦੂਰਾਂ ਨੂੰ ਤੁਰੰਤ ਡਿਊਟੀ ’ਤੇ ਰੱਖਿਆ ਜਾਵੇ ਪ੍ਰੰਤੂ ਹੁਣ ਤੱਕ ਨਾ ਤਾਂ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਮਜ਼ਦੂਰਾਂ ਨੂੰ ਬਹਾਲ ਕੀਤਾ ਗਿਆ ਹੈ। ਇਸ ਦੇ ਉਲਟ ਪ੍ਰਬੰਧਕਾਂ ਵੱਲੋਂ ਨਵੇਂ ਕਿਰਤੀ ਰੱਖੇ ਜਾ ਰਹੇ ਹਨ। ਇਸ ਮੌਕੇ ਵਿਨੋਦ ਚੁੱਘ ਨੇ ਕਿਰਤ ਵਿਭਾਗ ਤੋਂ ਮੰਗ ਕੀਤੀ ਕਿ ਗਲਤ ਤਰੀਕੇ ਨਾਲ ਨੌਕਰੀ ਤੋਂ ਬਰਖ਼ਾਸਤ ਕੀਤੇ ਸਾਰੇ ਕਿਰਤੀਆਂ ਨੂੰ ਬਿਨਾਂ ਸ਼ਰਤ ਵਾਪਸ ਨੌਕਰੀ ’ਤੇ ਬਹਾਲ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸਫ਼ਾਈ ਕਾਮਿਆਂ ਨੂੰ ਬਹਾਲ ਨਹੀਂ ਕੀਤਾ ਗਿਆ ਤਾਂ ਪ੍ਰਬੰਧਕਾਂ ਖ਼ਿਲਾਫ਼ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ।
ਸਿਵਲ ਸਰਜਨ ਦਫ਼ਤਰ ਅੱਗੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਮੇ।
ਸਿਹਤ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 7 ਜੁਲਾਈ
ਮਲਟੀਪਰਪਜ਼ ਹੈਲਥ ਵਰਕਰ ਐਂਪਲਾਈਜ਼ ਯੂਨੀਅਨ ਫ਼ਤਹਿਗੜ੍ਹ ਸਾਹਿਬ ਵੱਲੋਂ ਸਿਹਤ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਿਵਲ ਸਰਜਨ ਦਫ਼ਤਰ ਅੱਗੇ 2 ਦਿਨਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਮਿੰਦਰਪਾਲ ਨੇ ਕੀਤੀ। ਰੋਸ ਪ੍ਰਦਰਸ਼ਨ ਉਪਰੰਤ ਸਿਹਤ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ ਗਿਆ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿਚ ਕੰਮ ਕਰਨ ਵਾਲੇ ਮਲਟੀਪਰਪਜ਼ ਵਰਕਰਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਥਾਂ ਨਵੀਂ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਐੱਨਐੱਚਐੱਮ 221 ਅਤੇ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪੱਕੇ ਕਰੋ, 1,263 ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪ੍ਰੋਵੇਸ਼ਨ ਪੀਰੀਅਡ 2 ਸਾਲ, ਕਰੋਨਾ ਮਹਾਂਮਾਰੀ ਦੌਰਾਨ ਮਲਟੀਪਰਪਜ਼ ਕਾਮਿਆਂ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਲਿਖਾਈਆਂ ਇੰਕਰੀਮੈਂਟ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸੇਵਾਵਾਂ ਨੂੰ ਅੱਖੋਂ-ਪਰੋਖੇ ਕਰਕੇ ਤਨਖ਼ਾਹ ਵਿਚ ਕੱਟ ਲਾਉਣ ਲਈ ਕੱਚੇ ਕਾਮਿਆਂ ਦਾ ਲੈਵਲ ਲਗਾ ਕੇ ਅਤੇ ਕਦੇ ਪ੍ਰੋਵੇਸ਼ਨ ਪੀਰੀਅਡ ਦੀ ਸ਼ਰਤ ਲਗਾ ਕੇ ਇਨ੍ਹਾਂ ਦੀ ਕਿਰਤ ਦੀ ਲੁੱਟ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।