ਆਰ.ਕੇ ਮਿੱਤਲ
ਗੂਹਲਾ ਚੀਕਾ, 9 ਅਕਤੂਬਰ
ਜ਼ਿਲ੍ਹਾ ਕੈਥਲ ਦੇ ਕਸਬਾ ਕਲਾਇਤ ਦੇ ਪਿੰਡ ਕੁਰੜ ਦੀ 7 ਸਾਲਾ ਬੱਚੀ ਜੋ ਸ਼ਨਿੱਚਰਵਾਰ ਦੁਪਹਿਰ ਨੂੰ ਘਰੋਂ ਲਾਪਤਾ ਹੋ ਗਈ ਸੀ, ਐਤਵਾਰ ਸ਼ਾਮ ਨੂੰ ਲੜਕੀ ਦੀ ਅੱਧ ਸੜੀ ਹੋਈ ਲਾਸ਼ ਪਿੰਡ ਦੀ ਖੱਡ ਵਿੱਚੋਂ ਮਿਲੀ ਹੈ। ਪੁਲੀਸ ਨੇ ਮੌਕੇ ’ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਗੁਆਂਢ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਨਿੱਚਰਵਾਰ ਦੁਪਹਿਰ 1.30 ਵਜੇ ਘਰੋਂ ਨਿਕਲੀ ਮਾਨਸੀ ਵਾਪਸ ਨਹੀਂ ਆਈ। ਮਾਨਸੀ ਦੀ ਮਾਂ ਪਿੰਕੀ ਨੇ ਦੱਸਿਆ ਕਿ ਸਨਿੱਚਰਵਾਰ ਦੁਪਹਿਰ ਨੂੰ ਮਾਨਸੀ ਖਾਲੀ ਪਲਾਟ ’ਚ ਸੌਚ ਕਰਨ ਦੀ ਗੱਲ ਕਹਿ ਕੇ ਘਰੋਂ ਗਈ ਸੀ। ਉਹ ਪਰਿਵਾਰ ਲਈ ਖਾਣਾ ਬਣਾਉਣ ਵਿੱਚ ਰੁੱਝ ਗਈ। ਪੀੜਤ ਪਿਤਾ ਨੇ ਦੱਸਿਆ ਕਿ ਡੁੱਬਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲੀਸ ਨੇ ਪਿੰਡ ’ਚ ਗੋਤਾਖੋਰਾਂ ਦੀ ਟੀਮ ਬੁਲਾਈ। ਵੱਖ-ਵੱਖ ਟੀਮਾਂ ਵੱਲੋਂ ਪਿੰਡ ਦੇ ਸਾਰੇ ਛੱਪੜਾਂ, ਖੰਡਰਾਂ, ਪੁਰਾਣੇ ਬੰਦ ਪਏ ਘਰਾਂ, ਨਵੇਂ ਬਣੇ ਘਰਾਂ ਦੀ ਤਲਾਸ਼ੀ ਲਈ ਗਈ। ਗੁੱਸੇ ਵਿੱਚ ਆਏ ਨੌਜਵਾਨਾਂ ਨੇ ਕਲਾਇਤ ਹਾਈਵੇਅ ਜਾਮ ਕਰਨ ਦੀ ਧਮਕੀ ਵੀ ਦਿੱਤੀ। ਜ਼ਿਲ੍ਹਾ ਪੁਲੀਸ ਕਪਤਾਨ ਮਕਸੂਦ ਅਹਿਮਦ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲ ਦੀ ਗਲੀ ਵਿੱਚ ਲੱਗੇ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੁਪਹਿਰ 1: 38 ਵਜੇ ਮਾਨਸੀ ਦੇ ਗੁਆਂਢੀ ਦਾ ਇੱਕ ਨੌਜਵਾਨ ਜੋ ਕਿ ਰਿਸ਼ਤੇਦਾਰੀ ਵਿੱਚ ਭਰਾ ਲਗਦਾ ਹੈ। ਉਸ ਦੇ ਨਾਲ ਸਟੇਡੀਅਮ ਵੱਲ ਜਾ ਰਿਹਾ ਸੀ। ਪਿੰਡ ਵਾਸੀ ਦਿਲਬਾਗ, ਜੋਗਿੰਦਰ, ਮੋਨੀ, ਪ੍ਰੀਤਮ ਦੀ ਟੀਮ ਨੇ ਸਟੇਡੀਅਮ ਦੇ ਪਿੱਛੇ ਡੂੰਘੀ ਖੱਡ ‘ਵਿੱਚ ਜਾ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਟੀਮ ਨੇ ਲੜਕੀ ਦੀ ਲਾਸ਼ ਇੱਕ ਪੌਦੇ ਹੇਠੋਂ ਅੱਧ ਸੜੀ ਹਾਲਤ ਵਿੱਚ ਬਰਾਮਦ ਕੀਤੀ।