ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਦਸੰਬਰ
ਪਿੰਡ ਇਸਰਹੇੜੀ ਦੇ ਪੰਚਾਇਤੀ ਟੋਭੇ ਵਿੱਚ ਪਿੰਡ ਦੇ 22 ਸਾਲਾ ਨੌਜਵਾਨ ਰਿੰਕੂ ਪੁੱਤਰ ਮਾਇਆ ਰਾਮ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਕਰਕੇ ਪਿੰਡ ਵਿਚ ਸੋਗ ਫੈਲ ਗਿਆ ਹੈ ਤੇ ਦਹਿਸ਼ਤ ਦਾ ਮਾਹੌਲ ਛਾ ਗਿਆ। ਮ੍ਰਿਤਕ ਨੌਜਵਾਨ 2 ਦਸੰਬਰ ਨੂੰ ਪਿੰਡ ਦੇ ਹੀ ਨੌਜਵਾਨ ਪ੍ਰਦੀਪ ਦੇ ਵਿਆਹ ਵਿਚ ਸ਼ਾਮਲ ਹੋਇਆ ਸੀ ਤੇ ਉਸ ਤੋਂ ਬਾਦ ਉਹ ਘਰ ਵਾਪਸ ਨਹੀਂ ਆਇਆ ਤੇ ਉਥੋਂ ਹੀ ਲਾਪਤਾ ਹੋ ਗਿਆ। ਰਿੰਕੂ ਦੇ ਲਾਪਤਾ ਹੋਣ ’ਤੇ ਉਸ ਦੇ ਪਿਤਾ ਮਾਇਆ ਰਾਮ ਨੇ ਇਸ ਸਬੰਧੀ ਥਾਣਾ ਬਾਬੈਨ ਸੂਚਿਤ ਕੀਤਾ ਸੀ। ਅੱਜ ਪਿੰਡ ਇਸਰਹੇੜੀ ਦੇ ਲਖਬੀਰ ਸਿੰਘ ਨੰਬਰਦਾਰ ਤੇ ਅਰਜਨ ਸਿੰਘ ਆਪਣੇ ਖੇਤਾਂ ਵਿਚ ਜਾ ਰਹੇ ਸਨ ਤਾਂ ਉਨ੍ਹਾਂ ਟੋਭੇ ਦੇ ਕੰਢੇ ਲਾਸ਼ ਦੇਖੀ। ਇਸ ਦੀ ਸੂਚਨਾ ਸਰਪੰਚ ਨੂੰ ਦਿੱਤੀ । ਸੂਚਨਾ ਮਿਲਦੇ ਹੀ ਬਾਬੈਨ ਥਾਣਾ ਦੇ ਸਬ ਇੰਸਪੈਕਟਰ ਬਲਬੀਰ ਦੱਤ ਆਪਣੀ ਟੀਮ ਸਣੇ ਮੌਕੇ ’ਤੇ ਪਹੁੰਚੇ ।ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਐੱਲਐੱਨਜੇਪੀ ਹਸਪਤਾਲ ਕੁਰੂਕਸ਼ੇਤਰ ਭੇਜ ਦਿੱਤੀ ਹੈ। ਇੰਸਪੈਕਟਰ ਬਲਬੀਰ ਦੱਤ ਨੇ ਦਸਿੱਆ ਕਿ ਲਾਸ਼ ਪਾਣੀ ਵਿਚ ਹੋਣ ਕਰਕੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪੋਸਟਮਾਰਟਮ ਤੋਂ ਬਾਦ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲੀਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।