ਪੱਤਰ ਪ੍ਰੇਰਕ
ਯਮੁਨਾਨਗਰ, 16 ਮਈ
ਬੂੜੀਆ ਨੇੜੇ ਐਤਵਾਰ ਨੂੰ ਯਮੁਨਾ ਨਹਿਰ ਵਿੱਚ ਡੁੱਬੇ ਪੰਜ ਨੌਜਵਾਨਾਂ ਨੂੰ ਵਿੱਚੋਂ ਤਿੰਨ ਦੀ ਲਾਸ਼ਾਂ ਮਿਲ ਗਈਆਂ। ਐੱਨਡੀਆਰਐੱਫ ਦੀ ਟੀਮ ਨੇ ਬਾਕੀ ਦੋ ਨੌਜਵਾਨਾਂ ਦੀਆਂ ਲਾਸ਼ਾਂ ਲੱਭਣ ਲਈ ਮੋਰਚਾ ਸੰਭਾਲਿਆ ਹੋਇਆ ਹੈ। ਟੀਮ ਨੇ ਗੋਤਾਂਖੋਰਾਂ ਦੀ ਮਦਦ ਨਾਲ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਕੱਢ ਲਈਆਂ ਹਨ। ਅੱਜ ਡੀਐੱਸਪੀ ਪ੍ਰਮੋਦ ਕੁਮਾਰ ਦੀ ਨਿਗਰਾਨੀ ਹੇਠ ਐੱਨਡੀਆਰਐੱਫ ਦੀ ਟੀਮ ਨੇ ਸਰਚ ਅਪਰੇਸ਼ਨ ਚਲਾਇਆ। ਇਸ ਦੌਰਾਨ ਯਮੁਨਾਨਗਰ ਦੇ ਡੀਸੀ ਪਾਰਥ ਗੁਪਤਾ, ਮੇਅਰ ਮਦਨ ਚੌਹਾਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ। ਪੰਚਕੂਲਾ ਤੋਂ ਆਈ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ 15 ਮੈਂਬਰੀ ਟੀਮ ਨੂੰ ਨਿਖਿਲ, ਸਾਹਿਲ ਅਤੇ ਸੁਲੇਮਾਨ ਦੀਆਂ ਲਾਸ਼ਾਂ ਮਿਲ ਗਈਆਂ ਹਨ। ਦੂਜੇ ਪਾਸੇ ਡੀਐੱਸਪੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਡੁੱਬੇ ਨੌਜਵਾਨਾਂ ਦੇ ਬਚੇ ਸਾਥੀ ਦੀਪਕ ਦੀ ਸ਼ਿਕਾਇਤ ’ਤੇ ਭਰਤੂ, ਗੌਰਵ, ਮਨੀ ਰਾਣਾ, ਗੌਰਵ ਉਰਫ ਮਹਾਦੇਵ ਪਾਵਾ, ਅਜਰੂਹ, ਲੁੱਕਾ, ਗੌਰਵ, ਸੰਨੀ ਉਰਫ ਹਰਭਜਨ, ਅਮਨ ਰਾਣਾ, ਸੰਦੀਪ ਸਮੇਤ 13 ਦੇ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੀਪਕ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ’ਤੇ ਇੱਟਾਂ, ਪੱਥਰਾਂ ਅਤੇ ਰਾਡਾਂ ਆਦਿ ਨਾਲ ਹਮਲਾ ਅਤੇ ਨਹਿਰ ਵਿੱਚੋਂ ਬਾਹਰ ਨਾ ਨਿਕਲਣ ਦਿੱਤਾ।