ਪੱਤਰ ਪ੍ਰੇਰਕ
ਟੋਹਾਣਾ, 23 ਨਵੰਬਰ
ਤਿੰਨ ਦਿਨਾਂ ਤੋਂ ਲਾਪਤਾ ਜੇਬੀਟੀ ਮਾਸਟਰ ਅਤੇ ਉਸ ਦੇ ਦੋ ਲੜਕਿਆਂ ਦੀਆਂ ਲਾਸ਼ਾਂ ਅੱਜ ਨਹਿਰ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ। ਜਾਖਲ ਵਿੱਚ ਤਾਇਨਾਤ ਜੇਬੀਟੀ ਮਾਸਟਰ ਕੁਲਦੀਪ ਸਿੰਘ ਦੀ ਪਤਨੀ ਵੱਲੋਂ ਘਰੇਲੂ ਕਲੇਸ਼ ਕਾਰਨ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜਿਸ ਦੀ ਸੂਚਨਾ ਮਿਲਣ ਮਗਰੋਂ ਮਾਸਟਰ ਵੱਲੋਂ ਆਪਣੇ ਦੋ ਲੜਕਿਆਂ ਵਰਿੰਦਰ (15) ਤੇ ਨਿਤੀਸ਼ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਦੇ ਲਾਪਤਾ ਹੋਣ ਮਗਰੋਂ ਫਤਿਹਾਬਾਦ ਨਹਿਰ ’ਤੇ ਤਲਾਸ਼ ਕੀਤੀ ਜਾ ਰਹੀ ਸੀ। ਭੱਠੂ ਤੋਂ ਪੰਜ ਕਿਲੋਮੀਟਰ ਦੂਰ ਨਹਿਰੀ ਪੁਲੀਸ ਨੇ ਪੀੜਤ ਪਰਿਵਾਰ ਦੀ ਮਦਦ ਨਾਲ ਤਿੰਨੋ ਲਾਸ਼ਾਂ ਨਹਿਰ ਵਿੱਚੋਂ ਬਰਾਮਦ ਕਰ ਲਈਆਂ ਹਨ। ਐੱਸਐੱਚਓ ਰਾਜਪਾਲ ਨੇ ਦੱਸਿਆ ਕਿ ਮਾਸਟਰ ਕੁਲਦੀਪ ਜਾਖਲ ਦੇ ਗੌਰਮਿੰਟ ਸਕੂਲ ਵਿੱਚ ਤਾਇਨਾਤ ਸੀ, ਪਰ ਉਹ ਘਰੇਲੂ ਕਲੇਸ਼ ਕਾਰਨ ਆਪਣੇ ਦੋ ਲੜਕਿਆਂ ਨਾਲ ਭੱਠੂ ਮੰਡੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਕੁਲਦੀਪ ਸਿੰਘ ਦਾ ਪਰਿਵਾਰ ਪਿੰਡ ਰਾਮਸਰਾ ਦੇ ਖੇਤਾਂ ਦੀ ਢਾਣੀ ਵਿੱਚ ਰਹਿੰਦਾ ਸੀ। ਮਾਸਟਰ ਕੁਲਦੀਪ ਸਿੰਘ ਨੂੰ ਪਤਨੀ ਇੰਦਰਾਵਤੀ ਵੱਲੋਂ ਕਥਿਤ ਜ਼ਹਿਰ ਨਿਗਲ ਲੈਣ ਦੀ ਸੂਚਨਾ ਮਿਲਣ ਮਗਰੋਂ ਉਹ ਤਿੰਨ ਦਿਨ ਤੋਂ ਲਾਪਤਾ ਸੀ।
ਬਜ਼ੁਰਗ ਦੀ ਲਾਸ਼ ਮਿਲੀ
ਯਮੁਨਾਨਗਰ (ਪੱਤਰ ਪ੍ਰੇਰਕ); ਪਿੰਡ ਸ਼ੰਧਾਲਾ ਦੇ ਖੇਤਾਂ ਵਿੱਚ ਇੱਕ ਬਜ਼ੁਰਗ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ। ਮ੍ਰਿਤਕ ਦੀ ਛਾਤੀ ਅਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਹਨ। ਖੇਤਾਂ ਵਿੱਚ ਗਈਆਂ ਕੁੱਝ ਮਹਿਲਾਵਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਜਾ ਕੇ ਜੈਪਾਲ ਦੀ ਲਾਸ਼ ਨੂੰ ਵੇਖਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਪਿੰਡ ਦੇ ਹੀ ਇੱਕ ਵਿਅਕਤੀ ਸੁਰੇਸ਼ ਕੰਬੋਜ ਅਤੇ ਉਸ ਦੇ ਪੁੱਤ ਰਵੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।