ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਸਤੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਬਿਆਨ ਦੇ ਖ਼ਿਲਾਫ਼ ਅੱਜ ਅੰਬਾਲਾ ਸ਼ਹਿਰ ਦੀ ਕੱਪੜਾ ਮਾਰਕੀਟ ਵਿਚ ਸਥਿਤ ਕਾਂਗਰਸ ਭਵਨ ਦਾ ਘਿਰਾਓ ਕਰਨ ਦੀ ਤਿਆਰੀ ਕਰ ਰਹੇ ਭਾਜਪਾ ਕਾਰਕੁਨਾਂ ਨੂੰ ਕਾਂਗਰਸੀ ਵਰਕਰਾਂ ਦਾ ਭਾਰੀ ਹਜ਼ੂਮ ਦੇਖਦਿਆਂ ਧਰਨੇ ਲਈ ਅੱਧਾ ਕਿਲੋਮੀਟਰ ਦੂਰ ਤੰਬੂ ਲਾਉਣਾ ਪਿਆ।
ਭਾਜਪਾ ਨੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਕਾਂਗਰਸ ਦਫ਼ਤਰ ਦਾ ਘਿਰਾਓ ਕਰਨਾ ਸੀ। ਇਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਕਾਂਗਰਸੀ ਕਾਰਕੁਨ ਕਾਂਗਰਸ ਭਵਨ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਭਾਜਪਾ ਦੇ ਸੀਨੀਅਰ ਆਗੂ ਸ਼ਹਿਰ ਵਿਚ ਇਕੱਠੇ ਹੋਏ, ਪਰ ਉਨ੍ਹਾਂ ਦੀ ਕਾਂਗਰਸ ਭਵਨ ਤੱਕ ਜਾਣ ਦੀ ਹਿੰਮਤ ਨਾ ਪਈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਗੱਠਜੋੜ ਸਰਕਾਰ ਹਰ ਮੋਰਚੇ ’ਤੇ ਨਾਕਾਮ ਹੋ ਚੁੱਕੀ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਪ੍ਰੋਗਰਾਮ ਕਰ ਰਹੀ ਹੈ। ਇਸ ਮੌਕੇ ਤੇ ਨਰਾਇਣਗੜ੍ਹ ਵਿਧਾਇਕ ਸ਼ੈਲੀ ਚੌਧਰੀ, ਸਾਬਕਾ ਉਪ-ਮੁੱਖ ਮੰਤਰੀ ਚੰਦਰ ਮੋਹਨ, ਸਾਬਕਾ ਸੀਪੀਆਈ ਰਾਮ ਕਿਸ਼ਨ ਗੁੱਜਰ, ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਐਡਵੋਕੇਟ ਰੋਹਿਤ ਜੈਨ, ਮਹਿਲਾ ਕਾਂਗਰਸ ਪ੍ਰਧਾਨ ਸੁਧਾ ਭਾਰਦਵਾਜ, ਸਾਬਕਾ ਵਿਧਾਇਕ ਜਸਬੀਰ ਮਲੌਰ, ਡਾ. ਪੂਨਮ ਚੌਹਾਨ, ਤਰੁਣ ਚੁੱਘ ਆਦਿ ਮੌਜੂਦ ਸਨ।