ਪੱਤਰ ਪ੍ਰੇਰਕ
ਏਲਨਾਬਾਦ, 9 ਜੂਨ
ਅਗਾਮੀ 19 ਜੂਨ ਨੂੰ ਹੋ ਰਹੀਆ ਏਲਨਾਬਾਦ ਨਗਰ ਪਾਲਿਕਾ ਚੋਣਾਂ ਲਈ ਉਮੀਦਵਾਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਸਾਰੇ ਹੀ ਉਮੀਦਵਾਰਾਂ ਵੱਲੋਂ ਦਫ਼ਤਰਾਂ ਦੇ ਉਦਘਾਟਨ ਕਰਨ ਤੋਂ ਬਾਅਦ ਹੁਣ ਘਰ-ਘਰ ਜਾ ਕੇ ਵੋਟਰਾਂ ਨੂੰ ਮਿਲਿਆ ਜਾ ਰਿਹਾ ਹੈ। ਚੇਅਰਮੈਨ ਦਾ ਅਹੁਦਾ ਇਸ ਵਾਰ ਐੱਸਸੀ ਵਰਗ ਲਈ ਰਾਂਖਵਾ ਹੈ। ਭਾਜਪਾ ਵੱਲੋਂ ਪੁਰਾਣੇ ਪਾਰਟੀ ਵਰਕਰਾਂ ਨੂੰ ਦਰ-ਕਿਨਾਰ ਕਰਦਿਆ ਇਸ ਵਾਰ ਬਿਲਕੁਲ ਨਵੇਂ ਚਿਹਰੇ ਰਾਜੇਸ਼ ਕਨਵਾੜੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿਸ ਕਾਰਨ ਭਾਜਪਾ ਅਤੇ ਸੰਘ ਦੇ ਪੁਰਾਣੇ ਵਰਕਰਾਂ ਵਿੱਚ ਨਰਾਜ਼ਗੀ ਅਤੇ ਫੁੱਟ ਵਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਵਲੋਂ ਵੀ ਪਾਰਟੀ ਦੇ ਸੀਨੀਅਰ ਵਰਕਰ ਹਨੂੰਮਾਨ ਦਾਸ ਪਟੀਰ ਨੂੰ ਛੱਡ ਕੇ ਰਾਮ ਸਿੰਘ ਸੋਲੰਕੀ ਨੂੰ ਟਿਕਟ ਦਿੱਤੀ ਗਈ ਹੈ। ਹਨੂੰਮਾਨ ਦਾਸ ਪਟੀਰ ਹੁਣ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਜਿਸ ਨਾਲ ਕਾਂਗਰਸ ਪਾਰਟੀ ਦੀਆਂ ਵੋਟਾਂ ਵੀ ਵੰਡੇ ਜਾਣ ਦਾ ਖ਼ਦਸਾ ਹੈ। ਇਨੈਲੋ ਵਲੋਂ ਵਿਜੇ ਅਠਵਾਲ ਚੋਣ ਲੜ ਰਹੇ ਹਨ ਜੋ ਭਾਜਪਾ ਅਤੇ ਕਾਂਗਰਸ ਉਮੀਦਵਾਰਾਂ ਨੂੰ ਤਕੜੀ ਟੱਕਰ ਦੇ ਰਹੇ ਹਨ। ‘ਆਪ’ ਵੱਲੋਂ ਹਰਪਾਲ ਸਿੰਘ ਅਤੇ ਬਸਪਾ ਵੱਲੋਂ ਪੁਸ਼ਪਿੰਦਰ ਸ਼ਾਸਤਰੀ ਚੋਣ ਮੈਦਾਨ ਵਿੱਚ ਹਨ। ਸ਼ਹਿਰ ਦੇ ਵਾਰਡ 9 ਵਿੱਚੋਂ ਹੇਮਲਤਾ ਵਿਆਸ,12 ਵਿੱਚੋਂ ਪੂਰਨਿਮਾ ਸ਼ਰਮਾ ਅਤੇ 14 ਨੰਬਰ ਵਾਰਡ ਵਿੱਚੋਂ ਕ੍ਰਿਸ਼ਨ ਬਾਗੜੀ ਸਰਬਸੰਮਤੀ ਨਾਲ ਨਗਰ ਕੌਂਸਲਰ ਚੁਣੇ ਜਾ ਚੁੱਕੇ ਹਨ।