ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਸਤੰਬਰ
ਹਰਿਆਣਾ ਫੁਟਬਾਲ ਐਸੋਸੀਏਸ਼ਨ ਦੀ ਅੰਦਰਲੀ ਲੜਾਈ ਬਾਹਰ ਆ ਗਈ ਹੈ। ਆਪਸ ਵਿਚ ਲੜ ਰਹੀਆਂ ਦੋਵੇਂ ਧਿਰਾਂ ਭਾਜਪਾ ਨਾਲ ਸਬੰਧਿਤ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੂਰਜਪਾਲ ਅੰਮੂ (ਗੁਰੂਗਰਾਮ) ਨੇ ਜਨਰਲ ਸਕੱਤਰ ਅਤੇ ਆਲ ਇੰਡੀਆ ਫੁਟਬਾਲ ਐਸੋਸੀਏਸ਼ਨ ਦੇ ਮੈਂਬਰ, ਗ੍ਰਹਿ ਮੰਤਰੀ ਅਨਿਲ ਵਿੱਜ ਦੇ ਨੇੜੇ ਸਮਝੇ ਜਾਂਦੇ ਅੰਬਾਲਾ ਕੈਂਟ ਨਿਵਾਸੀ ਐਡਵੋਕੇਟ ਲਲਿਤ ਚੌਧਰੀ ਨੂੰ ਐਸੋਸੀਏਸ਼ਨ ਦਾ ਅੰਬਾਲਾ ਕੈਂਟ ਦੇ ਬੈਂਕ ਆਫ ਬੜੌਦਾ ਵਿਚ ਖਾਤਾ ਖੁਲ੍ਹਵਾਉਣ ਅਤੇ ਕਥਿਤ ਤੌਰ ’ਤੇ 52 ਲੱਖ ਰੁਪਏ ਕੈਸ਼ ਕਢਵਾਉਣ ਦਾ ਦੋਸ਼ ਲਾ ਕੇ ਐਸੋਸੀਏਸ਼ਨ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸ ਦੇ ਜਵਾਬ ਵਿਚ ਅੱਜ ਲਲਿਤ ਚੌਧਰੀ ਨੇ ਹਰਿਆਣਾ ਦੀਆਂ 18 ਜ਼ਿਲ੍ਹਾ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਅੰਬਾਲਾ ਕੈਂਟ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਸੂਰਜਪਾਲ ਅੰਮੂ ਨੂੰ ਸਾਬਕਾ ਪ੍ਰਧਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੂਰਜਪਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ, ਜਿਸ ਦੀ ਸੁਣਵਾਈ 9 ਦਸੰਬਰ ਨੂੰ ਹੋਵੇਗੀ।
ਲਲਿਤ ਚੌਧਰੀ ਨੇ ਸੂਰਜਪਾਲ ਅੰਮੂ ’ਤੇ ਪਲਟਵਾਰ ਕਰਦਿਆਂ ਉਸ ਵੱਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਐਸੋਸੀਏਸ਼ਨ ਦਾ ਅੰਬਾਲਾ ਕੈਂਟ ਵਿਚ ਖਾਤਾ ਸੂਰਜਪਾਲ ਅੰਮੂ ਦੀ ਸਹਿਮਤੀ ਨਾਲ ਹੀ ਖੋਲ੍ਹਿਆ ਗਿਆ ਸੀ।