ਨਿਜੀ ਪੱਤਰ ਪ੍ਰੇਰਕ
ਅੰਬਾਲਾ, 22 ਸਤੰਬਰ
ਬੈਂਕ ਦਾ ਕਰਜ਼ਾ ਵਾਪਸ ਨਾ ਕਰਨ ’ਤੇ ਡਿਫਾਲਟਰ ਐਲਾਨੀ ਸਿੱਖਿਆ ਸੰਸਥਾ ਸੀਲ ਕਰਨ ਗਈ ਟੀਮ ਨੂੰ ਵਿਦਿਆਰਥੀਆਂ ਦੇ ਵਿਰੋਧ ਕਰਕੇ ਬੇਰੰਗ ਮੁੜਨਾ ਪਿਆ। ਵਿਦਿਆਰਥੀਆਂ ਦੀ ਸਮੱਸਿਆ ਨੂੰ ਦੇਖਦਿਆਂ ਟੀਮ ਨੇ 6 ਅਕਤੂਬਰ ਤੱਕ ਸੰਸਥਾ ਖ਼ਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਬਲਾਣਾ (ਅੰਬਾਲਾ) ਵਿਚ ਸਥਿਤ ਮਹਾਵੀਰ ਗਰੁੱਪ ਆਫ ਇੰਸਟੀਚਿਊਟਸ ਨੇ ਸਾਲ 2011 ਵਿਚ ਪੰਜਾਬ ਐਂਡ ਸਿੰਧ ਬੈਂਕ ਤੋਂ 4.95 ਕਰੋੜ ਦਾ ਕਰਜ਼ਾ ਲਿਆ ਸੀ ਪਰੰਤੂ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਮੋੜਨ ਕਰਕੇ ਬੈਂਕ ਵੱਲੋਂ ਸਾਲ 2013 ਵਿਚ ਸੰਸਥਾ ਨੂੰ ਡਿਫਾਲਟਰ ਐਲਾਨ ਦਿੱਤਾ। ਹੁਣ ਸੰਸਥਾ ਦੇ ਸਿਰ ਕਰੀਬ 10 ਕਰੋੜ ਰੁਪਏ ਦੀ ਦੇਣਦਾਰੀ ਹੈ। ਅੱਜ ਸੰਸਥਾ ਦਾ ਕਬਜ਼ਾ ਬੈਂਕ ਨੂੰ ਦਿਵਾਉਣ ਲਈ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਮਨੀਸ਼ ਯਾਦਵ ਦੀ ਅਗਵਾਈ ਵਿਚ ਪੁਲੀਸ ਅਤੇ ਬੈਂਕ ਦੀ ਟੀਮ ਪਹੁੰਚੀ ਸੀ। ਜਦੋਂ ਸੰਸਥਾ ਦੇ ਸੰਚਾਲਕ ਨੇ ਹੋਸਟਲ ਵਿਚ ਰਹਿ ਰਹੀਆਂ ਨਰਸਿੰਗ ਕੋਰਸ ਦੀਆਂ 80 ਦੇ ਕਰੀਬ ਵਿਦਿਆਰਥਣਾਂ ਨੂੰ ਹੋਸਟਲ ਖ਼ਾਲੀ ਕਰਨ ਲਈ ਕਿਹਾ ਤਾਂ ਉਹ ਭੜਕ ਪਈਆਂ। ਵਿਦਿਆਰਥਣਾਂ ਦਾ ਕਹਿਣਾ ਸੀ ਉਨ੍ਹਾਂ ਦੇ 4 ਤੋਂ 6 ਅਕਤੂਬਰ ਤੱਕ ਇਮਤਿਹਾਨ ਹਨ ਅਜਿਹੀ ਸਥਿਤੀ ਵਿਚ ਉਹ ਹੋਸਟਲ ਖ਼ਾਲੀ ਕਰਕੇ ਕਿਥੇ ਜਾਣਗੀਆਂ। ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਟੀਮ ਨੇ ਸੰਸਥਾ ਦਾ ਕਬਜ਼ਾ ਲੈਣ ਦੀ ਕਾਰਵਾਈ 6 ਅਕਤੂਬਰ ਤੱਕ ਅੱਗੇ ਪਾ ਦਿੱਤੀ ਹੈ।