ਮਹਾਵੀਰ ਮਿੱਤਲ
ਜੀਂਦ, 19 ਅਪਰੈਲ
ਜੀਂਦ ਦੀ ਨਵੀਂ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਜ਼ੋਰਾਂ ’ਤੇ ਹੋ ਰਹੀ ਹੈ। ਮਾਰਕੀਟ ਕਮੇਟੀ ਦਾ ਸੂਤਰਾਂ ਅਨਸਾਰ ਇਸ ਅਨਾਜ ਮੰਡੀ ਵਿੱਚ ਹੁਣ ਤੱਕ ਲਗਭਗ 3,95,945 ਕੁਇੰਟਲ ਕਣਕ ਦੀ ਆਮਦ ’ਚੋਂ ਲਗਭਗ 3,01,100 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ। ਲਗਭਗ 56,000 ਕੁਇੰਟਲ ਕਣਕ ਦੀ ਚੁਕਾਈ ਹੋ ਚੁੱਕੀ ਹੈ, ਜਦੋਂਕਿ 94,845 ਕੁਇੰਟਲ ਕਿਸਾਨਾਂ ਦੀ ਕਣਕ ਦੀ ਫਸਲ ਮੰਡੀ ਵਿੱਚ ਵਿਕਣ ਦੀ ਉਡੀਕ ਕਰ ਰਹੀ ਹੈ।
ਇਸ ਸਾਲ ਇੱਥੇ ਕਣਕ ਦਾ ਝਾੜ ਕਾਫੀ ਹੈ ਅਤੇ ਮੰਡੀ ਵਿੱਚ ਕਿਸਾਨ ਭਾਰੀ ਮਾਤਰਾ ’ਚ ਫਸਲ ਵੇਚਣ ਲਈ ਲਿਆ ਰਹੇ ਹਨ। ਇਸ ਸਮੇਂ ਹਾਲਾਤ ਇਹ ਹਨ ਕਿ ਕਣਕ ਦੀ ਫਸਲ ਆਉਣ ਨਾਲ ਪੂਰੀ ਅਨਾਜ ਮੰਡੀ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਹੈ। ਮੰਡੀ ’ਚ ਕਣਕ ਨਾਲ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਕਣਕ ਦੀ ਢਿੱਲੀ ਲਿਫਟਿੰਗ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਚੁਕਾਈ ਦਾ ਕੰਮ ਹਾਥੀ ਦੀ ਚਾਲ ਚੱਲ ਰਿਹਾ ਹੈ। ਉੱਧਰ ਕਿਸਾਨਾਂ ਦੀ ਅਦਾਇਗੀ ਵਿੱਚ ਵੀ ਦੇਰੀ ਹੋ ਰਹੀ ਹੈ। ਕੱਲ੍ਹ ਦੇਰ ਸ਼ਾਮ ਪਏ ਹਲਕੇ ਮੀਂਹ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਸਾਹ ਸੂਤ ਦਿੱਤੇ ਸਨ। ਉਨ੍ਹਾਂ ਨੇ ਸਕੱਤਰ ਮਾਰਕੀਟ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਖਰੀਦ ਏਜੰਸੀਆਂ ਨੂੰ ਕਹਿ ਕੇ ਚੁਕਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ। ਮਾਰਕੀਟ ਕਮੇਟੀ ਦੇ ਸਕੱਤਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਸੀਜ਼ਨ ਵਿੱਚ ਆੜ੍ਹਤੀਆਂ ਨੂੰ ਕੁਝ ਸਮੱਸਿਆਵਾਂ ਦਾ ਆਉਣਾ ਸੁਭਾਵਿਕ ਹੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਊੁਣ ਲਈ ਸਬੰਧਤ ਖਰੀਦ ਏਜੰਸੀਆਂ ਨੂੰ ਪੱਤਰ ਲਿਖ ਦਿੱਤਾ ਹੈ।
ਰਤੀਆ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਰਤੀਆ (ਕੇਕੇ ਬਾਂਸਲ): ਸਰਕਾਰ ਦੇ ਆਦੇਸ਼ਾਂ ਉਪਰੰਤ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਰੂਪ ਗਰਗ ਨੇ ਇਥੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ, ਜਿਨ੍ਹਾਂ ਨੇ ਕਿਸਾਨਾਂ ਨੂੰ ਸਰਕਾਰ ਦੇ ਮਾਪਦੰਡ ਤਹਿਤ ਕਣਕ ਦਾ ਇੱਕ-ਇੱਕ ਦਾਣਾ ਸਰਕਾਰੀ ਰੇਟ ’ਤੇ ਖਰੀਦਣ ਦਾ ਭਰੋਸਾ ਦਿੱਤਾ। ਹਾਲਾਂਕਿ ਸਰਕਾਰ ਨੇ ਸੂਬੇ ਵਿਚ 1 ਅਪਰੈਲ ਤੋਂ ਹੀ ਕਣਕ ਦੀ ਸਰਕਾਰੀ ਖਰੀਦ ਕਰਨ ਦਾ ਐਲਾਨ ਕੀਤਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਕਣਕ ਦੀ ਆਮਦ ਸ਼ੁਰੂ ਹੋਣ ਦੇ ਬਾਵਜੂਦ ਜ਼ਿਆਦਾ ਨਮੀ ਹੋਣ ਕਾਰਨ ਖਰੀਦ ਸ਼ੁਰੂ ਨਹੀਂ ਹੋ ਸਕੀ। ਅੱਜ ਦੁਕਾਨ ਨੰ. 152 ਦੀ ਫਰਮ ਜਨਕ ਰਾਜ, ਅਸ਼ੋਕ ਕੁਮਾਰ ਦੀ ਦੁਕਾਨ ਤੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਵਪਾਰ ਮੰਡਲ ਦੇ ਪ੍ਰਧਾਨ ਨੇ ਮੰਡੀ ਦੇ ਸਾਰੇ ਵਪਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਣਕ ਦੀ ਆਮਦ ਦੌਰਾਨ ਉਹ ਆਪਣੇ ਕਿਸਾਨਾਂ ਨੂੰ ਸਰਕਾਰੀ ਮਾਪਦੰਡ ਤਹਿਤ ਕਣਕ ਦੀ ਫਸਲ ਮੰਡੀ ਵਿਚ ਲਿਆਉਣ ਲਈ ਪ੍ਰੇਰਿਤ ਕਰਨ ਤਾਂ ਕਿ ਭਵਿੱਖ ਵਿਚ ਖਰੀਦ ਦੇ ਸਮੇਂ ਕਿਸੇ ਵੀ ਏਜੰਸੀ ਨੂੰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਵਪਾਰ ਮੰਡਲ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਦੇ ਨਾਲ ਹੀ ਕੰਮ ਕਰੇਗਾ ਅਤੇ ਪੂਰੀ ਮੰਡੀ ਵਿਚ ਕ੍ਰਮਵਾਰ ਹੀ ਕਣਕ ਦੀ ਖਰੀਦ ਕੀਤੀ ਜਾਵੇਗੀ। ਹਾਲਾਂਕਿ ਅੱਜ ਦੀ ਖਰੀਦ ਸ਼ੁਰੂ ਕਰਵਾਉਣ ਲਈ ਵਿਧਾਇਕ ਲਛਮਣ ਨਾਪਾ ਨੂੰ ਵੀ ਬੁਲਾਇਆ ਗਿਆ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਵਪਾਰ ਮੰਡਲ ਨੂੰ ਹੀ ਆਪਣੇ ਪੱਧਰ ’ਤੇ ਕਣਕ ਦੀ ਖਰੀਦ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਖਰੀਦ ਦੌਰਾਨ ਕਿਸੇ ਵੀ ਕਿਸਾਨ ਜਾਂ ਵਪਾਰੀ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਸਾਰੀਆਂ ਖਰੀਦ ਏਜੰਸੀਆਂ ਨਿਯਮਤ ਰੂਪ ਵਿਚ ਹੀ ਸਰਕਾਰ ਦੇ ਮਾਪਦੰਡ ਤਹਿਤ ਕਣਕ ਦੀ ਖਰੀਦ ਕਰਨ। ਇਸ ਮੌਕੇ ਫੂਡ ਸਪਲਾਈ ਦੇ ਇੰਸਪੈਕਟਰ ਹਰਪਾਲ ਸਿੰਘ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਅਮਿਤ ਕੁਮਾਰ ਤੋਂ ਇਲਾਵਾ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਰਾਜੂ ਲਾਲੀ, ਸੋਨੂੰ ਜਿੰਦਲ, ਸੁਖਦੀਪ ਗਰੇਵਾਲ, ਸ਼ਿਵ ਸੋਨੀ, ਪ੍ਰਮੋਦ ਬਾਂਸਲ, ਖੇਮ ਚੰਦ, ਨਵਨੀਤ ਮਹਿਤਾ, ਕ੍ਰਿਸ਼ਨ ਤਨੇਜਾ ਅਤੇ ਹੋਰ ਵਪਾਰੀ ਹਾਜ਼ਰ ਸਨ।