ਸਤਪਾਲ ਰਾਮਗੜ੍ਹੀਆ
ਪਿਹੋਵਾ, 24 ਅਗਸਤ
ਭਾਰਤੀ ਕਿਸਾਨ ਯੂਨੀਅਨ ਵਲੋਂ ਜੁਮਲਾ ਮਾਲਕਣ ਦੀ ਜ਼ਮੀਨ ਦਾ ਓਟੀਪੀ ਲੈਣ ਸਬੰਧੀ ਸ਼ੁਰੂ ਕੀਤਾ ਗਿਆ ਧਰਨਾ ਬੁੱਧਵਾਰ ਨੂੰ ਸਮਾਪਤ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਮੰਗਾਂ ਮੰਨਦੇ ਹੋਏ ਕਿਸਾਨਾਂ ਨੇ ਇਹ ਧਰਨਾ ਸਮਾਪਤ ਕੀਤਾ ਹੈ। ਐੱਸਡੀਐੱਮ ਸੋਨੂੰ ਰਾਮ ਅਤੇ ਡੀਐੱਸਪੀ ਗੁਰਮੇਲ ਸਿੰਘ ਧਰਨੇ ਦੌਰਾਨ ਕਿਸਾਨਾਂ ਵਿੱਚ ਪੁੱਜੇ। ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੇ ਸੈਕਟਰੀ ਜੋ ਕਿ ਜੁਮਲਾ ਮਾਲਕਣ ਦੀ ਜ਼ਮੀਨ ਦੀ ਰਜਿਸਟਰੀ ਲਈ ਓਟੀਪੀ ਨਹੀਂ ਦੇ ਰਿਹਾ ਸੀ, ਉਸ ਦਾ ਤਬਾਦਲਾ ਕਰ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ‘ਮੇਰੀ ਫਸਲ ਮੇਰਾ ਬਿਓਰਾ’ ਪੋਰਟਲ ’ਤੇ ਰਜਿਸਟ੍ਰੇਸ਼ਨ ਲਈ ਓਪੀਟੀ ਦੇ ਦਿੱਤਾ ਜਾਵੇਗਾ।
ਕਿਸਾਨਾਂ ਨੇ ਮੰਗ ਪੱਤਰ ਦੇ ਕੇ ਇਹ ਮੰਗ ਵੀ ਕੀਤੀ ਕਿ ਪਹਿਲਾਂ ਬੀਡੀਪੀਓ ਦਫ਼ਤਰ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਬੀਡੀਪੀਓ ਨੂੰ ਭਰੀ ਪੰਚਾਇਤ ਵਿੱਚ ਆ ਕੇ ਧਰਨੇ ਵਾਲੀ ਥਾਂ ’ਤੇ ਹੀ ਮੁਆਫ਼ੀ ਮੰਗਣੀ ਪਈ। ਬੀਡੀਪੀਓ ਨੇ ਕਿਹਾ ਕਿ ਉਹ ਸਾਰੇ ਕਿਸਾਨਾਂ ਦੇ ਫੋਨ ਅਟੈਂਡ ਕਰਨਗੇ। ਇਸ ਤੋਂ ਇਲਾਵਾ ਕਿਸੇ ਨਾਲ ਵੀ ਮਾੜਾ ਵਿਵਹਾਰ ਨਹੀਂ ਕਰਨਗੇ। ਇਸ ’ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਦੁਬਾਰਾ ਗਲਤੀ ਦੁਹਰਾਈ ਗਈ ਤਾਂ ਕਿਸਾਨਾਂ ਵਲੋਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਧਰਨੇ ਵਾਲੀ ਥਾਂ ’ਤੇ ਕਿਸਾਨ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਬੀਡੀਪੀਓ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਕਿਸਾਨ ਯੂਨੀਅਨ ਦੇ ਬੁਲਾਰੇ ਪ੍ਰਿੰਸ ਵੜੈਚ, ਬਲਾਕ ਪ੍ਰਧਾਨ ਸੁਖਵਿੰਦਰ ਮੁਕੀਮਪੁਰਾ, ਕੁਲਬੀਰ ਬਾਠ, ਜਗਜੀਤ ਬੋਧਨੀ, ਸ੍ਰੀਪਾਲ ਅਤੇ ਜਸਮੇਰ ਭਾਂਸੀ ਮਾਜਰਾ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ।