ਪੱਤਰ ਪ੍ਰੇਰਕ
ਜੀਂਦ, 19 ਅਪਰੈਲ
ਦੇਵੀ ਲਾਲ ਚੌਕ ’ਤੇ ਛੋਟਾ ਅੰਡਰਪਾਸ ਬਣਾਉਣ ਸਬੰਧੀ ਟੈਂਡਰ ਪਾਸ ਹੋਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣ ਦੀ ਆਸ ਬੱਝੀ ਹੈ। ਜੀਂਦ ਦੇ ਭਾਜਪਾ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਦੱਸਿਆ ਕਿ ਇੱਥੇ ਦੇਵੀ ਲਾਲ ਚੌਕ ’ਤੇ ਛੋਟਾ ਅੰਡਰਪਾਸ ਬਣਾਉਣ ਦੀ ਮੰਗ ਪੂਰੀ ਹੋ ਗਈ ਹੈ, ਇਸ ਦੇ ਲਈ 3 ਕਰੋੜ 56 ਲੱਖ 74 ਹਜ਼ਾਰ 857 ਰੁਪਏ ਦੀ ਰਾਸ਼ੀ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਛੋਟੇ ਰੇਲਵੇ ਸਟੇਸ਼ਨ ਦੇ ਫਾਟਕ ਵਾਲਾ ਰਸਤਾ ਬੰਦ ਕਰਨ ਮਗਰੋਂ ਲੋਕਾਂ ਨੂੰ ਸ਼ਮਸ਼ਾਨ ਘਾਟ, ਪ੍ਰਾਚੀਨ ਮੰਦਿਰਾਂ, ਦੁਕਾਨਦਾਰਾਂ ਅਤੇ ਕਲੋਨੀ ਵਾਸੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਨੇ ਇਹ ਪੁਲ ਬਣਵਾਉਣ ਲਈ ਵਿਸ਼ੇਸ਼ ਤੌਰ ’ਤੇ ਮੁੱਦਾ ਉਠਾਇਆ ਸੀ। ਵਪਾਰੀ, ਦੁਕਾਨਦਾਰ ਤੇ ਕਲੋਨੀ ਵਾਸੀਆਂ ਨੇ ਇਸ ਸਮੱਸਿਆ ਦੇ ਹੱਲ ਲਈ ਧਰਨਾ ਵੀ ਲਾਇਆ ਸੀ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਕਹਿ ਕੇ ਸੱਮਸਿਆ ਦੂਰ ਕਰਵਾ ਦਿੱਤੀ ਹੈ। ਉੱਧਰ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਮਹਾਵੀਰ ਕੰਪਿਊਟਰ ਨੇ ਇਸ ਅੰਡਰਪਾਸ ਬਣਾਏ ਜਾਣ ਦੀ ਮਨਜ਼ੂਰੀ ਮਿਲਣ ’ਤੇ ਵਪਾਰੀਆਂ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਟੈਂਡਰ ਭਰਨ ਦੀ ਪ੍ਰਕਿਰਿਆ 26 ਅਪਰੈਲ ਤੋਂ ਸ਼ੁਰੂ ਹੋ ਕੇ 10 ਮਈ ਤੱਕ ਚੱਲੇਗੀ ਅਤੇ ਇਸ ਅੰਡਰਪਾਸ ਦਾ ਕੰਮ ਅਗਲੇ 6 ਮਹੀਨਿਆਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ।