ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 27 ਜੂਨ
ਇਥੋਂ ਦੇ ਤਹਿਸੀਲਦਾਰ ਦਿਨੇਸ਼ ਢਿੱਲੋਂ ਨੇ ਪਿੰਡ ਕਾਲਾ ਅੰਬ, ਸੰਗਰਾਣੀ ਤੇ ਨਬੀਪੁਰ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਸਾਰੀ ਸੁਵਿਧਾਵਾਂ ਦਾ ਨਿਰੀਖਣ ਕੀਤਾ ਅਤੇ ਪਿੰਡਾਂ ਵਿੱਚ ਆਵਾਜਾਈ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧਾਂ ਅਤੇ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਕੀਤੇ ਜਾ ਰਹੇ ਸਰਵੇਅ ਅਤੇ ਸੈਨੇਟਾਈਜੇਸ਼ਨ ਸਣੇ ਹੋਰਨਾਂ ਕਾਰਜਾਂ ਦਾ ਜਾਇਜ਼ਾ ਲਿਆ।
ਤਹਿਸੀਲਦਾਰ ਦਿਨੇਸ਼ ਢਿੱਲੋਂ ਨੇ ਕਿਹਾ ਕਿ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਮਹਾਂਮਾਰੀ ਦੇ ਪਾਜ਼ੇਟਿਵ ਕੇਸ ਆਉਣ ਕਾਰਨ ਇਹ ਜ਼ਰੂਰੀ ਹੋ ਗਿਆ ਹੈ ਕਿ ਸਾਰੇ ਲੋਕ ਸੁਚੇਤ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਦੱਸੀ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਸਮਾਜਿਕ ਦੂਰੀ ਦਾ ਧਿਆਨ ਰੱਖਣ, ਆਪਣੇ ਘਰਾਂ ਵਿੱਚ ਰਹਿਣ, ਬਗ਼ੈਰ ਕੰਮ ਤੋਂ ਘਰ ਦੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਸੈਨੇਟਾਈਜ਼ ਨਾਲ ਹੱਥ ਸਾਫ਼ ਕਰਨ ਤੇ ਮਾਸਕ ਪਾਉਣ ਲਈ ਵੀ ਪ੍ਰੇਰਿਆ।