ਆਤਿਸ਼ ਗੁਪਤਾ
ਚੰਡੀਗੜ੍ਹ, 18 ਜਨਵਰੀ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਐੱਸਵਾਈਐੱਲ ਦਾ ਵਿਰੋਧ ਕਰਨ ਵਾਲੇ ਬਾਦਲਾਂ ਦੀ ਇਨੈਲੋ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਤੱਕ ਇਨੈਲੋ ਨੇ ਐੱਸਵਾਈਐੱਲ ਦੇ ਪੱਖ ਵਿੱਚ ਮੁਹਿੰਮ ਚਲਾਈ ਸੀ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਵੀ ਐੱਸਵਾਈਐੱਲ ਦਾ ਵਿਰੋਧ ਕੀਤਾ ਸੀ। ਅੱਜ ਉਸੇ ਅਕਾਲੀ ਦਲ ਦੀ ਹਮਾਇਤ ਕਰਦਿਆਂ ਇਨੈਲੋ ਨੇ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਨੈਲੋ ਦਾ ਐੱਸਵਾਈਐੱਲ ਬਣਾਉਣ ਦਾ ਸਾਰਾ ਮਾਮਲਾ ਡਰਾਮਾ ਸੀ ਜੋ ਪਾਰਟੀ ਸੁਪਰੀਮੋ ਦੀ ਵਿਚਾਰਧਾਰਾਂ ਦੇ ਬਿਲਕੁਲ ਉਲਟ ਹੈ।
ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ‘ਸਥਾਨਕ ਉਮੀਦਵਾਰ ਲਈ ਰੁਜ਼ਗਾਰ ਨਿਯਮ-2020’ ਲਾਗੂ ਕਰ ਦਿੱਤਾ ਹੈ। ਇਸ ਨਾਲ ਨਿੱਜੀ ਖੇਤਰ ਵਿੱਚ ਵੀ 75 ਫ਼ੀਸਦ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਨਿਯਮ ਤਹਿਤ ਸੂਬੇ ’ਚ ਨਵੀਂ ਆਈਟੀ, ਆਈਟੀਈਐੱਸ ਕੰਪਨੀਆਂ ਅਤੇ ਨਵੀਂ ਸ਼ੁਰੂਆਤ ਕਰਨ ਵਾਲੀ ਕੰਪਨੀਆਂ ਨੂੰ ਦੋ ਸਾਲਾਂ ਦੀ ਛੋਟ ਦਿੱਤੀ ਗਈ ਹੈ ਜਦੋਂ ਕਿ ਛੋਟੀ ਸਨਅਤਾਂ ਨੂੰ ਵੀ 45 ਦਿਨਾਂ ਦੀ ਛੋਟ ਦਿੱਤੀ ਗਈ ਹੈ। ਸ੍ਰੀ ਚੌਟਾਲਾ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 22 ਹਜ਼ਾਰ ਤੋਂ ਵੱਧ ਕੰਪਨੀਆਂ ਰਜਿਸਟਰਡ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ’ਤੇ 3280 ਨੌਜਵਾਨਾਂ ਨੇ ਰਜਿਸਟਰਡ ਕਰਵਾ ਦਿੱਤਾ ਹੈ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਸੂਬੇ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਆਪਣੇ ਘਰ ਦੇ ਨਜ਼ਦੀਕ ਰੁਜ਼ਗਾਰ ਦਿੱਤਾ ਜਾ ਸਕੇਗਾ।