ਪੱਤਰ ਪ੍ਰੇਰਕ
ਜੀਂਦ, 28 ਅਕਤੂਬਰ
ਨਗਰ ਪਰਿਸ਼ਦ ਕਰਮਚਾਰੀ ਸੰਘ ਦੇ ਸੱਦੇ ਉੱਤੇ ਇੱਥੇ ਰਾਣੀ ਤਲਾਬ ਕੋਲ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਰਿਸ਼ਦ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਹੜਤਾਲ ਅੱਜ ਵੀ ਜਾਰੀ ਰਹੀ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਸਰਕਾਰ ਖਿਲਾਫ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਹੜਤਾਲ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਸ਼ਾਮਿਲ ਹੋਏ। ਸੀਟੂ ਜੀਂਦ ਦੇ ਪ੍ਰਧਾਨ ਸਤਿਵੀਰ ਖਰਲ, ਸਕੱਤਰ ਕਪੂਰ ਸਿੰਘ ਅਤੇ ਕੈਸ਼ੀਅਰ ਸੰਦੀਪ ਜਾਜਵਾਨ ਨੇ ਕਿਹਾ ਕਿ ਸਰਕਾਰ ਹੜਤਾਲੀ ਕਰਮਚਾਰੀਆਂ ਦੀ ਮੰਗਾਂ ਦਾ ਤੁਰੰਤ ਹੱਲ ਕਰੇ। ਉਨ੍ਹਾਂ ਨੇ 40 ਹਜ਼ਾਰ ਸ਼ਹਿਰੀ ਕਰਮਚਾਰੀਆਂ ਦੀ ਹੜਤਾਲ ਦੀ ਹਮਾਇਤ ਕਰਦੇ ਹੋਏ ਸਰਕਾਰ ਦੁਆਰਾ ਹੜਤਾਲ ਨੂੰ ਦਬਾਉਣ ਲਗਾਏ ਗਏ ਐਸਮਾਂ ਜਿਹੇ ਕਾਨੂੰਨ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਕਰਮਚਾਰੀਆਂ ਦੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਹੱਥਕੰਡੇ ਅਪਣਾ ਰਹੀ ਹੈ। ਹੜਤਾਲੀ ਕਰਮਚਾਰੀਆਂ ਦੇ ਹੱਕ ਵਿੱਚ 31 ਅਕਤੂਬਰ ਨੂੰ ਸੀਟੂ ਨਾਲ ਜੁੜੀਆਂ ਸਾਰੀਆਂ ਯੂਨੀਅਨਾਂ ਸੜਕਾਂ ਉੱਤੇ ਆ ਕੇ ਆਪਣਾ ਰੋਸ ਪ੍ਰਗਟ ਕਰਨਗੀਆਂ ਤੇ ਸਾਰੇ ਜ਼ਿਲ੍ਹਿਆਂ ਵਿੱਚ ਵਿਖਾਵਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸਫਾਈ ਕਰਮਚਾਰੀਆਂ ਨੂੰ ਕਰੋਨਾ ਯੋਧਾ ਦੱਸਦੀ ਆ ਰਹੀ ਹੈ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਨੇ ਕੂੜਾ ਚੁਕਵਾਇਆ
ਨਗਰ ਪਰਿਸ਼ਦ ਦੇ ਸਫਾਈ ਕਰਮਚਾਰੀਆਂ ਦੇ ਬਾਵਜੂਦ ਵੀ ਜੀਂਦ ਸ਼ਹਿਰ ਤੋਂ ਕੂੜਾ ਹਟਵਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਕਾਮਯਾਬ ਰਿਹਾ। ਡਿਊਟੀ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਨੇ ਪੁਲੀਸ ਨੂੰ ਸਫਾਈ ਕਰਮਚਾਰੀਆਂ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ। ਇਸੀ ਦੌਰਾਨ ਨਗਰ ਪਰਿਸ਼ਦ ਦੇ ਸਫਾਈ ਕਰਮਚਾਰੀਆਂ ਨੇ ਹੜਤਾਲ 10ਵੇਂ ਦਿਨ ਵੀ ਜਾਰੀ ਰੱਖੀ ਅਤੇ ਪ੍ਰਦਰਸ਼ਨ ਕੀਤਾ।