ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਮਈ
ਅੰਬਾਲਾ ਦੇ ਸਫ਼ਾਈ ਮੁਲਾਜ਼ਮਾਂ ਨੇ ਲਟਕ ਰਹੀਆਂ ਮੰਗਾਂ ਦੇ ਸਮਰਥਨ ਵਿੱਚ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੰਬਾਲਾ ਸ਼ਹਿਰ ਨਗਰ ਨਿਗਮ, ਅੰਬਾਲਾ ਛਾਉਣੀ ਨਗਰ ਕੌਂਸਲ ਅਤੇ ਨਰਾਇਣਗੜ੍ਹ ਨਗਰ ਪਾਲਿਕਾ ਵਿਚ ਸਫ਼ਾਈ ਮੁਲਾਜ਼ਮਾਂ ਨੇ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਭੁੱਖ ਹੜਤਾਲ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਵੀ ਸਮਰਥਨ ਦਿੱਤਾ। ਭੁੱਖ ਹੜਤਾਲ ’ਤੇ ਬੈਠੇ ਮੁਲਾਜ਼ਮਾਂ ਨੇ ਇਹ ਹੜਤਾਲ ਦੋ ਦਿਨਾਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਰਮਚਾਰੀ ਕੌਂਸਲ ਨਿਗਮ ਭੰਗ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ, ਕੱਚੇ ਕਰਮਚਾਰੀਆਂ ਨੂੰ ਪੇਅ ਰੋਲ ’ਤੇ ਕਰਨ, ਪੇਅ ਰੋਲ ’ਤੇ ਲੱਗੇ ਕਰਮਚਾਰੀਆਂ ਨੂੰ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖ਼ਾਹ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਹੜਤਾਲ ਕੀਤੀ ਹੈ। ਨਗਰ ਨਿਗਮ ਅੰਬਾਲਾ ਸ਼ਹਿਰ ਵਿੱਚ ਅੱਜ ਸਤੀਸ਼, ਰਾਹੁਲ, ਸ਼ਲਿੰਦਰ ਕੁਮਾਰ, ਦੀਪਕ ਕੁਮਾਰ, ਤਿਲਕ ਰਾਜ, ਫਾਇਰ ਬ੍ਰਿਗੇਡ ਦੇ ਕਰਮਚਾਰੀ ਰਣਦੀਪ ਅਤੇ ਵਿਨੋਦ ਭੁੱਖ ਹੜਤਾਲ ’ਤੇ ਬੈਠੇ।