ਰਤਨ ਸਿੰਘ ਢਿੱਲੋਂ
ਅੰਬਾਲਾ, 27 ਮਈ
ਇਥੋਂ ਦੇ ਮਾਨਵ ਚੌਕ ਨੇੜੇ ਹੂਟਰ ਵਜਾਉਂਦੀ ਤੇਜ਼ ਰਫ਼ਤਾਰ ਬਰੇਜ਼ਾ ਗੱਡੀ ਨੂੰ ਦੇਰ ਰਾਤ ਜਦੋਂ ਗਸ਼ਤ ਕਰ ਰਹੇ ਪੁਲੀਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਬੈਰੀਕੇਡ ਤੋੜਦਾ ਹੋਇਆ ਅੱਗੇ ਨਿਕਲ ਗਿਆ। ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਏਐੱਸਆਈ ਸਮੇਤ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਬਰੇਜ਼ਾ ਗੱਡੀ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਏਐੱਸਆਈ ਗੁਰਦੀਪ ਸਿੰਘ ਅਤੇ ਐੱਸਪੀਓ ਜਸਬੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਉਹ ਮਾਨਵ ਚੌਕ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਬਰੇਜ਼ਾ ਗੱਡੀ ਅਗਰਸੈਨ ਚੌਕ ਵੱਲੋਂ ਹੂਟਰ ਵਜਾਉਂਦੀ ਹੋਈ ਆਈ। ਬਰੇਜ਼ਾ ਵਿੱਚ ਸਵਾਰ ਦੋ ਨੌਜਵਾਨਾਂ ਨੇ ਉੱਥੇ ਦੋ ਚੱਕਰ ਕੱਢੇ। ਜਦੋਂ ਉਨ੍ਹਾਂ ਨੇ ਬੈਰੀਕੇਡ ਲਾ ਕੇ ਗੱਡੀ ਦੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਗੱਡੀ ਦੀ ਸਪੀਡ ਵਧਾਉਂਦਿਆਂ ਬੈਰੀਕੇਡ ਨੂੰ ਸਿੱਧੀ ਟੱਕਰ ਮਾਰ। ਇਸ ਦੌਰਾਨ ਬੈਰੀਕੇਡ ਪੁਲੀਸ ਮੁਲਾਜ਼ਮਾਂ ਉੱਤੇ ਡਿੱਗ ਪਿਆ ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋ ਗਏ। ਇਸ ਮਗਰੋਂ ਚਾਲਕ ਗੱਡੀ ਲੈ ਕੇ ਫ਼ਰਾਰ ਹੋ ਗਿਆ। ਅੰਬਾਲਾ ਸਿਟੀ ਪੁਲੀਸ ਨੇ ਅਣਪਛਾਤੇ ਚਾਲਕ ਦੇ ਖ਼ਿਲਾਫ਼ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਬਰੇਜ਼ਾ ਸਵਾਰਾਂ ਬਾਰੇ ਕੋਈ ਜਾਣਕਾਰੀ ਮਿਲ ਸਕੇ।