ਮਹਾਂਵੀਰ ਮਿੱਤਲ
ਜੀਂਦ, 4 ਜੁਲਾਈ
ਕਾਂਗਰਸ ਦੇ ਕੌਮੀ ਮੀਡੀਆ ਇੰਚਾਰਜ ਅਤੇ ਸੀਨੀਅਰ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਇੱਥੇ ਨੌਕਰੀਓਂ ਕੱਢੇ ਪੀਟੀਆਈ ਅਧਿਆਪਕਾਂ ਦੀ ਹਮਾਇਤ ਕੀਤੀ ਅਤੇ ਉਨ੍ਹਾਂ ਦੀ ਬਹਾਲੀ ਲਈ ਹਰਿਆਣਾ ਸਰਕਾਰ ਨੂੰ ਨਵਾਂ ਕਾਨੂੰਨ ਲਿਆਉਣ ਦੀ ਮੰਗ ਕੀਤੀ।
ਇੱਥੇ ਮਿੰਨੀ ਸਕੱਤਰੇਤ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਲਈ ਪੂਰੇ ਸੂਬੇ ਤੋਂ ਆਏ ਪੀਟੀਆਈ ਅਧਿਆਪਕਾਂ ਅਤੇ ਹਰਿਆਣਾ ਦੀ ਖਾਪਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ 1983 ਪੀਟੀਆਈ ਦੀ ਨੌਕਰੀ ਬਰਖ਼ਾਸਤ ਕਰਨਾ 2000 ਪਰਿਵਾਰਾਂ ਦੇ ਢਿੱਡ ’ਤੇ ਲੱਤ ਮਾਰਨ ਵਾਂਗ ਹੈ। ਇਨ੍ਹਾਂ ਅਧਿਆਪਕਾਂ ਨੇ ਪਿਛਲੇ ਦਸ ਸਾਲਾਂ ਤੋਂ ਵੱਧ ਸਮੇਂ ਤੱਕ ਸੂਬੇ ਦੀ ਨਿਰਸਵਾਰਥ ਸੇਵਾ ਕੀਤੀ ਹੈ। 30 ਅਧਿਆਪਕ ਸਾਬਕਾ ਫ਼ੌਜੀ ਹਨ, ਜਿਨ੍ਹਾਂ ਵਿੱਚ ਗੈਲੇਂਟਰੀ ਐਵਾਰਡ ਪ੍ਰਾਪਤ ਦਿਲਬਾਗ ਜਾਖੜ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪੁਣਛ ਵਿੱਚ 7 ਅਤਿਵਾਦੀਆਂ ਨੂੰ ਮਾਰਿਆ ਸੀ। 34 ਅਧਿਆਪਕ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਜਦੋਂਕਿ 39 ਦੀ ਮੌਤ ਹੋ ਚੁੱਕੀ ਹੈ। ਮਿੰਨੀ ਸਕੱਤਰੇਤ ਵਿੱਚ ਪਿਛਲੇ 20 ਦਿਨਾਂ ਤੋਂ ਅਧਿਆਪਕ ਧਰਨਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਨੌਕਰੀ ਦੇਣਾ ਹੈ ਨਾ ਕਿ ਖੋਹਣਾ। ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਇੱਕ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਕਿ ਸਰਕਾਰ ਕਾਨੂੰਨ ਬਣਾ ਕੇ ਬਰਖ਼ਾਸਤ ਪੀਟੀਆਈ ਅਧਿਆਪਕਾਂ ਨੂੰ ਮੁੜ ਬਹਾਲ ਕਰ ਸਕਦੀ ਹੈ।