ਪੱਤਰ ਪ੍ਰੇਰਕ
ਏਲਨਾਬਾਦ, 26 ਮਈ
ਸ਼ਹਿਰ ਦੇ ਨਾਲ ਲੱਗਦੇ ਰੂਪਨਗਰ ਖੇਤਰ ਵਿੱਚ ਅੱਜ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਹਨੂੰਮਾਨ (21) ਪੁੱਤਰ ਓਮ ਪ੍ਰਕਾਸ਼ ਵਾਸੀ ਰੂਪਨਗਰ ( ਏਲਨਾਬਾਦ ) ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਸ਼ਜਾ ਭੁਗਤ ਰਿਹਾ ਸੀ। ਹੁਣ ਉਹ ਜ਼ਮਾਨਤ ’ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਘਰ ਵਿੱਚ ਆਪਣੀ ਮਾਂ ਨਾਲ ਰਹਿ ਰਿਹਾ ਸੀ। ਅੱਜ ਸਵੇਰੇ ਉਸ ਨੇ ਆਪਣੀ ਮਾਂ ਨੂੰ ਸਾਮਾਨ ਲੈਣ ਲਈ ਘਰ ’ਚੋਂ ਬਾਹਰ ਭੇਜ ਦਿੱਤਾ ਅਤੇ ਮਾਨਸਿਕ ਪ੍ਰੇਸ਼ਾਨੀ ਕਰ ਕੇ ਖ਼ੁਦ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਇਤਫਾਕੀਆ ਕਾਰਵਾਈ ਕੀਤੀ ਹੈ।