ਨਿਜੀ ਪੱਤਰ ਪ੍ਰੇਰਕ
ਅੰਬਾਲਾ, 21 ਸਤੰਬਰ
ਕੈਂਟ ਦੇ ਨਾਲ ਲਗਦੇ ਪਿੰਡ ਖੁੱਡਾ ਖ਼ੁਰਦ ਵਿਚ 17 ਸਾਲਾ ਨਾਬਾਲਗ ਨੇ ਸ਼ੱਕੀ ਹਾਲਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਹੀ ਮਹੇਸ਼ ਨਗਰ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਅੰਬਾਲਾ ਕੈਂਟ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ। ਲੜਕੇ ਨੇ ਸੋਮਵਾਰ ਨੂੰ ਹੀ ਐਸ.ਏ. ਜੈਨ ਕਾਲਜ ਅੰਬਾਲਾ ਸ਼ਹਿਰ ਵਿਚ ਦਾਖਲਾ ਲਿਆ ਸੀ। ਪੁਲੀਸ ਨੇ ਦੱਸਿਆ ਕਿ ਨਾਬਾਲਗ ਨੇ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲਿਆ ਹੈ। ਉਸ ਦੇ ਪਿਤਾ ਬਿਜਲੀ ਮਕੈਨਿਕ ਸਨ ਪਰੰਤੂ ਡੇਢ ਸਾਲ ਪਹਿਲਾਂ ਕਰੰਟ ਲੱਗਣ ਕਰਕੇ ਉਹ ਕੰਮ ਕਰਨ ਦੇ ਕਾਬਲ ਨਹੀਂ ਰਹੇ। ਫ਼ਿਲਹਾਲ ਲੜਕੇ ਵੱਲੋਂ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।