ਪੱਤਰ ਪ੍ਰੇਰਕ
ਯਮੁਨਾਨਗਰ, 14 ਸਤੰਬਰ
ਹਰਿਆਣਾ ਦੇ ਸਾਰੇ ਨਗਰ ਨਿਗਮਾਂ ਦੇ ਮੇਅਰਾਂ ਦੀ ਬੈਠਕ ਹਰਿਆਣਾ ਦੇ ਮੁੱਖ ਮੰਤਰੀ ਨਾਲ ਹੋਈ ਜਿਸ ਵਿੱਚ ਆਪੋ ਆਪਣੇ ਸ਼ਹਿਰਾਂ ਦੇ ਵਿਕਾਸ ਲਈ ਮੇਅਰਾਂ ਨੇ ਚਰਚਾ ਕੀਤੀ। ਸ਼ਹਿਰ ਯਮੁਨਾਨਗਰ ਨਿਗਮ ਦੇ ਮੇਅਰ ਮਦਨ ਚੌਹਾਨ ਨੇ ਮੁੱਖ ਮੰਤਰੀ ਦੇ ਸਾਹਮਣੇ ਪ੍ਰਸਤਾਵ ਰੱਖੇ ਜਿਨ੍ਹਾਂ ਨੰ ਪੂਰਾ ਕਰਨ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਭਰੋਸਾ ਦਿੱਤਾ। ਉਨ੍ਹਾਂ ਗੈਰ ਕਾਨੂੰਨੀ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਸੌ ਵਰਗ ਗਜ਼ ਤੱਕ ਦੀ ਰਿਹਾਇਸ਼ੀ ਸੰਪਤੀਆਂ ਨੂੰ ਟੈਕਸ ਮੁਕਤ ਕਰਨ, ਵਿਧਾਇਕ ਅਤੇ ਸੰਸਦ ਮੈਂਬਰ ਦੀ ਤਰਜ਼ ’ਤੇ ਮੇਅਰ ਨੂੰ ਵੀ ਆਪਣੇ ਖੇਤਰਾਂ ਦੇ ਵਿਕਾਸ ਲਈ ਪੰਜ ਕਰੋੜ ਰੁਪਏ ਦਾ ਫੰਡ ਜਾਰੀ ਕਰਨ, ਵਿਕਾਸ ਕੰਮਾਂ ਦੀ ਅਦਾਇਗੀ ਕਰਨ ਦਾ ਅਧਿਕਾਰ ਮੇਅਰ ਨੂੰ ਦੇਣ, ਮੇਅਰ ਨੂੰ ਹਾਊਸ ਵਿੱਚ ਪਾਸ ਹੋਏ ਪ੍ਰਸਤਾਵਾਂ ਨੂੰ ਅਮਲ ਵਿੱਚ ਲਿਆਉਣ ਦੀ ਵਿਧਾਨਕ ਸ਼ਕਤੀ ਦੇਣ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਏਸੀਆਰ ਲਿਖਣ ਦਾ ਅਧਿਕਾਰ ਮੇਅਰ ਨੂੰ ਦੇਣ, ਨਗਰ ਨਿਗਮ ਦੇ ਕਰਮਚਾਰੀਆਂ ਦੀ ਬਦਲੀਆਂ ਵਿੱਚ ਮੇਅਰ ਦੀ ਸਹਿਮਤੀ ਲੈਣਾ ਜ਼ਰੂਰੀ ਕਰਨਾ, ਨਗਰ ਨਿਗਮ ਦੇ ਟੈਂਡਰ ਮੇਅਰ ਦੀ ਦੇਖਰੇਖ ਵਿੱਚ ਹੋਣ ਅਤੇ ਨੀਤੀਗਤ ਫੈਸਲਿਆਂ ਵਿੱਚ ਮੇਅਰ ਦੀ ਸਹਿਮਤੀ ਲੈਣਾ ਨੂੰ ਜ਼ਰੂਰੀ ਕਰਨ ਲਈ ਕਿਹਾ।
ਇਸ ਤਰ੍ਹਾਂ ਮੁੱਖ ਸਕੱਤਰ ਦੀ ਤਰ੍ਹਾਂ ਮੇਅਰਾਂ ਨੂੰ ਮੈਡੀਕਲ ਸਹੂਲਤਾਂ ਦੇਣਾ, ਕੂੜੇ ਦੇ ਸਾਂਭ ਸੰਭਾਲ ਲਈ ਨਗਰ ਨਿਗਮ ਦਾ ਆਪਣਾ ਪਲਾਂਟ ਲਗਵਾਉਣਾ ਅਤੇ ਠੇਕਾ ਪ੍ਰਣਾਲੀ ਖਤਮ ਕਰਨ ਕਰਕੇ ਸਫਾਈ ਕਰਮਚਾਰੀਆਂ ਨੂੰ ਪੇਅ ਰੋਲ ’ਤੇ ਲੈਣ ਦੀ ਪਾਲਿਸੀ ਬਣਾਉਣ ਸਬੰਧੀ ਸੁਝਾਅ ਦਿੱਤੇ। ਬੈਠਕ ਵਿੱਚ ਪੰਚਕੁਲਾ ਦੇ ਮੇਅਰ ਕੁਲਭੂਸ਼ਨ ਗੋਇਲ, ਰੋਹਤਕ ਦੇ ਮੇਅਰ ਮਨਮੋਹਨ ਗੋਇਲ, ਪਾਣੀਪਤ ਦੀ ਮੇਅਰ ਅਵਨੀਤ ਕੌਰ, ਕਰਨਾਲ ਦੀ ਮੇਅਰ ਰੇਣੂਬਾਲਾ ਗੁਪਤਾ, ਗੁਰੂਗ੍ਰਾਮ ਦੀ ਮੇਅਰ ਮਧੂ ਆਜ਼ਾਦ ਅਤੇ ਫਰੀਦਾਬਾਦ ਦੀ ਮੇਅਰ ਸੁਮਨ ਬਾਲਾ ਮੌਜੂਦ ਸਨ ।