ਪੱਤਰ ਪ੍ਰੇਰਕ
ਨਰਾਇਣਗੜ੍ਹ, 27 ਸਤੰਬਰ
ਨਰਾਇਣਗੜ੍ਹ ਖੰਡ ਮਿੱਲ ਬਣੌਂਦੀ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਜਿੱਥੇ ਨਰਾਇਣਗੜ੍ਹ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਰੋਸ ਮਾਰਚ ਕੱਢਿਆ, ਉੱਥੇ ਹੀ ਸ਼ਹਿਰ ਦੇ ਦੁਕਾਨਦਾਰਾਂ ਕੋਲੋਂ ਕਟੋਰਿਆਂ ਵਿੱਚ ਭੀਖ ਵੀ ਮੰਗੀ। ਜ਼ਿਕਰਯੋਗ ਹੈ ਕਿ ਖੰਡ ਮਿੱਲ ਦੇ ਮੁਲਾਜ਼ਮ ਪਿਛਲੇ ਲਗਪਗ 14 ਦਿਨ ਤੋਂ ਹੜਤਾਲ ਤੇ ਚੱਲ ਰਹੇ ਸਨ ਜਿਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਅਤੇ ਅੱਜ ਰੋਸ ਵੱਜੋਂ ਉਨ੍ਹਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਰੋਸ ਮਾਰਚ ਦੌਰਾਨ ਭੀਖ ਮੰਗੀ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਜਿੱਥੇ ਸਲੋਗਨ ਲਿੱਖੀ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਸਟੀਲ ਦੇ ਕਟੋਰਿਆਂ ਨੂੰ ਵੱਜਾ ਕੇ ਤੇ ਉਨ੍ਹਾਂ ਵਿੱਚ ਹੀ ਭੀਖ ਮੰਗੀ। ਕਰਮਚਾਰੀਆਂ ਨੇ ਮੰਗ ਕੀਤੀ ਕਿ ਸਾਰੇ ਮੁਲਾਜ਼ਮਾਂ ਨੂੰ ਖੰਡ ਵੇਜ਼ ਬੋਰਡ ਤੇ ਅਹੁਦੇ ਦੇ ਆਧਾਰ ’ਤੇ ਤਨਖ਼ਾਹ ਦਿੱਤੀ ਜਾਵੇ, ਹਾਦਸਾ ਹੋਣ ਦੀ ਸਥਿਤੀ ਵਿੱਚ ਇੱਕ ਮਹੀਨੇ ਅੰਦਰ ਹਿਸਾਬ ਕੀਤਾ ਜਾਵੇ, ਪੰਜ ਸਾਲ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਸਾਰੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ,ਸੇਵਾਮੁਕਤ ਹੋਣ ਮਗਰੋਂ ਕੁਲ ਪੈਸੇ ਦਾ ਭੁਗਤਾਣ ਉਸੇ ਸਮੇਂ ਕੀਤਾ ਜਾਵੇ,ਉਹ ਸਾਰੇ ਕਰਮਚਾਰੀ ਜਿਹੜੇ ਠੇਕੇਦਾਰ ਦੇ ਨਾਲ ਕੰਮ ਕਰਦੇ ਹਨ ਉਨ੍ਹਾਂ ਨੂੰ ਮਿਲ ਵਿੱਚ ਲਿਆ ਜਾਵੇ। ਕਰਮਚਾਰੀਆਂ ਦਾ ਕਹਿਣਾ ਸੀ ਕਿ ਮਿਲ ਪ੍ਰਬੰਧਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਿਹਾ ਹੈ ਜਿਸ ਕਾਰਨ ਉਹ ਅੰਦੋਲਨ ਕਰਨ ਤੇ ਮਜਬੂਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਕਰਮਚਾਰੀਆਂ ਨੂੰ ਪਿੱਛਲੇ ਲਗਪਗ ਤਿੰਨ ਮਹੀਨਿਆਂ ਤੋਂ ਤਨਖ਼ਾਹ ਵੀ ਨਹੀਂ ਦਿੱਤੀ ਗਈ।