ਪੱਤਰ ਪ੍ਰੇਰਕ
ਜੀਂਦ, 13 ਮਈ
ਬੱਸਾਂ ਦੀ ਸੱਮਸਿਆ ਨੂੰ ਲੈ ਕੇ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਅੱਜ ਫਿਰ ਸੜਕਾਂ ਉੱਤੇ ਉਤਰ ਆਈਆਂ। ਉਨ੍ਹਾਂ ਬੱਸ ਚਲਾਉਣ ਦੀ ਮੰਗ ਨੂੰ ਲੈ ਕੇ ਡੀਸੀ ਦਫਤਰ ਪਹੁੰਚ ਕੇ ਮੁਜ਼ਾਹਰਾ ਕੀਤਾ ਅਤੇ ਡੀਸੀ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਜਲਦੀ ਬੱਸਾਂ ਚਲਾ ਕੇ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਵਿਦਿਆਰਥਣਾਂ ਐੱਸਐੱਫਆਈ ਅਤੇ ਡੀਵਾਈਐੱਫਆਈ ਦੇ ਬੈਨਰ ਹੇਠ ਗੋਹਾਣਾ ਰੋਡ ਤੋਂ ਪ੍ਰਦਰਸ਼ਨ ਕਰਦੀਆਂ ਹੋਈਆਂ ਡੀਸੀ ਦਫਤਰ ਪਹੁੰਚੀਆਂ। ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥਣਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਡੀਸੀ ਦਫਤਰ ਅੱਗੇ ਵਿਦਿਆਰਥਣਾਂ ਨੇ ਧਰਨਾ ਵੀ ਦਿੱਤਾ। ਡੀਸੀ ਨੂੰ ਦਿੱਤੇ ਗਏ ਮੈਮੋਰੰਡਮ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਨ ਲਈ ਵਿਦਿਅਕ ਸੰਸਥਾਵਾਂ ਵਿੱਚ ਜਾਣ ਲਈ ਸਮੇਂ ਸਿਰ ਬੱਸਾਂ ਨਹੀਂ ਮਿਲਦੀਆਂ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਰਾ ਵਿੱਚ ਨਵਾਂ ਬੱਸ ਅੱਡਾ ਬਣਾਉਣ ਦੇ ਬਾਵਜੂਦ ਉਨ੍ਹਾਂ ਨੂੰ ਸਿਟੀ ਬੱਸ ਯਾਨੀ ਲੋਕਲ ਰੂਟਾਂ ਉੱਤੇ ਬੱਸ ਸੇਵਾ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵੀ ਇਸ ਸਬੰਧੀ ਧਰਨਾ ਦਿੱਤਾ ਗਿਆ ਸੀ ਪਰ ਉਸ ਦਿਨ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀਆਂ ਉੱਤੇ ਦਰਜ ਕੀਤੇ ਮਾਮਲੇ ਵਾਪਸ ਨਾ ਲਏ ਅਤੇ ਬੱਸਾਂ ਨਾ ਚਲਾਈਆਂ ਤਾਂ ਤੇਜ਼ ਸੰਘਰਸ਼ ਵਿੱਢਿਆ ਜਾਵੇਗਾ।