ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 16 ਸਤੰਬਰ
ਇੱਥੇ ਕਿੱਲਿਆਂਵਾਲੀ ਮਾਈਨਰ ਵਿੱਚ ਮੋਘਾ ਭੰਨ ਕੇ ਨੀਵਾਂ ਕੀਤੇ ਜਾਣ ਨਾਲ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਦਾ ਪਾਣੀ ਬੰਦ ਕਰ ਦਿੱਤਾ ਗਿਆ। ਇਹ ਭੰਨਤੋੜ ਕਰੀਬ ਹਫ਼ਤਾ ਪਹਿਲਾਂ ਮਾਈਨਰ ਵਿੱਚ ਸਕੂਲ ਤੋਂ ਪਹਿਲਾਂ ਸਥਿਤ ਇੱਕ ਮੋਘੇ ’ਤੇ ਕੀਤੀ ਗਈ। ਮੋਘਾ ਨੀਵਾਂ ਕਰਨ ਕਾਰਨ ਪਾਣੀ ਉਸ ਜਗ੍ਹਾ ਤੋਂ ਅਗਾਂਹ ਜਾਣਾ ਰੁਕ ਗਿਆ। ਪਾਣੀ ਬੰਦ ਹੋਣ ਕਾਰਨ ਵਿਦਿਆਲਾ ਦੇ ਕਰੀਬ ਸਾਢੇ ਪੰਜ ਸੌ ਵਿਦਿਆਰਥੀਆਂ ਤੇ 50 ਅਧਿਆਪਕ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਹੋ ਗਏ। ਵਿਦਿਆਲਿਆ ਵਿੱਚ ਪਾਣੀ ਨਾਲ ਹੋਣ ਵਾਲੇ ਰੋਜ਼ ਦੇ ਕੰਮ ਵੀ ਪ੍ਰਭਾਵਿਤ ਹੋਏ। ਮੋਘੇ ਦੀ ਭੰਨਤੋੜ ਤੋਂ ਅਨਜਾਣ ਵਿਦਿਆਲਿਆ ਦੇ ਪ੍ਰਬੰਧਕ ਪਾਣੀ ਦੀ ਘਾਟ ਨਾਲ ਨਜਿੱਠਣ ਲਈ ਡੱਬਵਾਲੀ ਤੋਂ ਟੈਂਕਰਾਂ ਵਿੱਚ ਮਹਿੰਗੇ ਭਾਅ ਦਾ ਪਾਣੀ ਮੰਗਵਾਉਣ ਲਈ ਮਜਬੂਰ ਹੋ ਗਏ। ਵਿਦਿਆਲਿਆ ਕੰਪਲੈਕਸ ਦੇ ਪਾਣੀ ਸਟੋਰੇਜ਼ ਟੈਂਕਾਂ ਵਿੱਚ ਪਾਣੀ ਮੁੱਕਣ ਅਤੇ ਪਿੱਛਿਓਂ ਪਾਣੀ ਨਾ ਆਉਣ ’ਤੇ ਜਾਂਚ ਕਰਨ ਮਗਰੋਂ ਇਸ ਛੇੜਛਾੜ ਦਾ ਖ਼ੁਲਾਸਾ ਹੋਇਆ। ਵਿਦਿਆਲਿਆ ਦੇ ਪ੍ਰਿੰਸੀਪਲ ਸੰਜੈ ਠਾਕੁਰ ਨੇ ਕਿਹਾ ਕਿ ਦੋ-ਤਿੰਨ ਦਿਨ ਤਾਂ ਪਾਣੀ ਦੀ ਸਪਲਾਈ ਬੰਦ ਹੋਣ ਦਾ ਕਾਰਨ ਲੱਭਣ ਵਿੱਚ ਹੀ ਲੱਗ ਗਏ। ਵਿਦਿਆਲਿਆ ਵਿੱਚ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ। ਪ੍ਰਿੰਸੀਪਲ ਨੇ ਮੋਘੇ ਨਾਲ ਛੇੜਛਾੜ ਸਬੰਧੀ ਕਾਰਜਕਾਰੀ ਇੰਜਨੀਅਰ ਨਹਿਰ ਮੰਡਲ ਬਠਿੰਡਾ ਨੂੰ ਸ਼ਿਕਾਇਤ ਕਰ ਕੇ ਸ਼ਰਾਰਤੀ ਅਨਸਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਨਹਿਰ ਮੰਡਲ ਦੇ ਐਸਡੀਓ ਜਸਕਰਨ ਸਿੰਘ ਨੇ ਕਿਹਾ ਕਿ ਛੇੜਛਾੜ ਵਾਲੇ ਮੋਘੇ ਨੂੰ ਦਰੁੱਸਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੋਘੇ ਦੀ ਭੰਨਤੋੜ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।