ਫਰੀਦਾਬਾਦ (ਪੱਤਰ ਪ੍ਰੇਰਕ): ਐਨਐਸਯੂਆਈ ਨੇ ਜੇਸੀ ਬੋਸ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ ਦੀਆਂ ਪ੍ਰੀਖਿਆਵਾਂ ਆਨਲਾਈਨ ਮਾਧਿਅਮ ਰਾਹੀਂ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਲਜ ਦੇ ਗੇਟ ’ਤੇ ਪ੍ਰਦਰਸ਼ਨ ਕੀਤਾ। ਜਥੇਬੰਦੀ ਐਨਐਸਯੂਆਈ ਦੇ ਮੀਤ ਪ੍ਰਧਾਨ ਵਿਕਾਸ ਫਗਨਾ ਨੇ ਧਰਨੇ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੀ ਹਮਾਇਤ ਕੀਤੀ। ਇਹ ਪ੍ਰਦਰਸ਼ਨ ਕਈ ਘੰਟੇ ਚੱਲਿਆ। ਇਸ ਦੌਰਾਨ ਵਿਕਾਸ ਫਗਨਾ ਨੇ ਦੱਸਿਆ ਕਿ ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਅਧੀਨ ਆਉਂਦੇ ਸਾਰੇ ਕਾਲਜਾਂ ਦੇ ਵਿਦਿਆਰਥੀ ਭੰਬਲਭੂਸੇ ਵਿਚ ਹਨ ਕਿ ਪ੍ਰੀਖਿਆ ਆਨਲਾਈਨ ਹੋਵੇਗੀ ਜਾਂ ਆਫਲਾਈਨ ਕਿਉਂਕਿ ਹੁਣ ਤੱਕ ਸਾਰੀ ਪੜ੍ਹਾਈ ਆਨਲਾਈਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਨਐਸਯੂਆਈ ਹਰ ਲੜਾਈ ਵਿੱਚ ਵਿਦਿਆਰਥੀਆਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਕਲਾਸਾਂ ਆਨਲਾਈਨ ਹੁੰਦੀਆਂ ਸਨ ਤਾਂ ਸਾਰੀ ਪੜ੍ਹਾਈ ਆਨਲਾਈਨ ਹੁੰਦੀ ਸੀ, ਇਸ ਲਈ ਹੁਣ ਆਫਲਾਈਨ ਪ੍ਰੀਖਿਆਵਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਆਨਲਾਈਨ ਪ੍ਰੀਖਿਆਵਾਂ ਲੈ ਰਹੀਆਂ ਹਨ ਪਰ ਜੇਸੀ ਬੋਸ ’ਵਰਸਿਟੀ ਆਫਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਅੜੀਅਲ ਰਵੱਈਆ ਅਪਣਾ ਰਹੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਵਾਈਐਮਸੀਏ ਯੂਨੀਵਰਸਿਟੀ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਤਾਂ ਆਫਲਾਈਨ ਪ੍ਰੀਖਿਆਵਾਂ ਕਿਉਂ? ਵਿਕਾਸ ਫਗਨਾ ਨੇ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ ਕਿਉਂਕਿ ਕਰੋਨਾ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਆਨਲਾਈਨ ਪ੍ਰੀਖਿਆਵਾਂ ਹੀ ਬਿਹਤਰ ਵਿਕਲਪ ਹਨ। ਗ੍ਰਹਿ ਮੰਤਰਾਲੇ ਨੇ ਸਿੱਖਿਆ ਦੇ ਆਨਲਾਈਨ ਮੋਡ ਨੂੰ ਵੀ ਤਰਜੀਹੀ ਵਿਕਲਪ ਦੱਸਿਆ ਹੈ। ਇਸ ਦੇ ਨਾਲ ਹੀ ਜੇ ਟੀਕਾਕਰਨ ਅਜੇ ਤੱਕ ਨਹੀਂ ਹੋਇਆ ਹੈ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ।