ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 26 ਨਵੰਬਰ
ਐੱਨਐੱਸਯੂਆਈ ਨੇ ਅੱਜ ਦੂਜੀ ਵਾਰ ਸ਼ੁੱਕਰਵਾਰ ਨੂੰ ਸੈਂਕੜੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਵਾਈ.ਐੱਮ.ਸੀ.ਏ. ਦੇ ਗੇਟ ’ਤੇ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਵਾਈ.ਐੱਮ.ਸੀ.ਏ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਆਨਲਾਈਨ ਕਰਵਾਈਆਂ ਜਾਣ। ਐੱਨਐੱਸਯੂਆਈ ਦੇ ਮੀਤ ਪ੍ਰਧਾਨ ਵਿਕਾਸ ਫਗਨਾ ਨੇ ਧਰਨੇ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕੀਤੀ ਤੇ ਇਹ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ। ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੁਲੀਸ ਬੁਲਾਉਣੀ ਪਈ। ਇਸ ਦੇ ਬਾਵਜੂਦ ਵਿਦਿਆਰਥੀ ਕੈਂਪਸ ਦੇ ਗੇਟ ’ਤੇ ਪ੍ਰਦਰਸ਼ਨ ਕਰਦੇ ਰਹੇ।
ਵਿਦਿਆਰਥੀਆਂ ਨੇ ਦੱਸਿਆ ਕਿ ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਅਧੀਨ ਆਉਂਦੇ ਸਾਰੇ ਕਾਲਜਾਂ ਦੇ ਵਿਦਿਆਰਥੀ ਭੰਬਲਭੂਸੇ ਵਿੱਚ ਹਨ ਕਿ ਪ੍ਰੀਖ਼ਿਆ ਆਨਲਾਈਨ ਹੋਵੇਗੀ ਜਾਂ ਆਫਲਾਈਨ, ਕਿਉਂਕਿ ਹੁਣ ਤੱਕ ਸਾਰੀ ਪੜ੍ਹਾਈ ਆਨਲਾਈਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਨ.ਐੱਸ.ਯੂ.ਆਈ. ਹਮੇਸ਼ਾ ਹੀ ਵਿਦਿਆਰਥੀ ਹਿੱਤਾਂ ਦੀ ਹਰ ਸਮੱਸਿਆ ਨੂੰ ਉਠਾਉਂਦੀ ਰਹੀ ਹੈ ਤੇ ਅੱਗੇ ਵੀ ਉਠਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਕਲਾਸਾਂ ਆਨਲਾਈਨ ਹੁੰਦੀਆਂ ਸਨ ਤਾਂ ਸਾਰੀ ਪੜ੍ਹਾਈ ਆਨਲਾਈਨ ਹੁੰਦੀ ਸੀ, ਇਸ ਲਈ ਹੁਣ ਆਫ਼ਲਾਈਨ ਪ੍ਰੀਖਿਆਵਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਆਨਲਾਈਨ ਪ੍ਰੀਖਿਆਵਾਂ ਕਰਵਾ ਰਹੀਆਂ ਹਨ।
ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਤੇ ਹੋਰ ਯੂਨੀਵਰਸਿਟੀਆਂ ਆਨਲਾਈਨ ਪ੍ਰੀਖਿਆ ਲੈ ਰਹੀਆਂ ਹਨ ਪਰ ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਆਫਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਅੜੀਅਲ ਰਵੱਈਆ ਅਪਣਾ ਰਹੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਜਦੋਂ ਵਾਈਐੱਮਸੀਏ ਯੂਨੀਵਰਸਿਟੀ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਤਾਂ ਆਫਲਾਈਨ ਪ੍ਰੀਖਿਆਵਾਂ ਕਿਉਂ। ਪ੍ਰਦਰਸ਼ਨ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ 29 ਨਵੰਬਰ ਨੂੰ ਫੈਸਲਾ ਸੁਣਾਉਣ ਦਾ ਭਰੋਸਾ ਦਿੱਤਾ। ਇਸ ’ਤੇ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਵਿਦਿਆਰਥੀ ਦੇ ਹਿੱਤ ’ਚ ਫੈਸਲਾ ਨਾ ਆਇਆ ਤਾਂ ਉਹ ਇਸ ਤਰ੍ਹਾਂ ਹੀ ਧਰਨਾ ਜਾਰੀ ਰੱਖਣਗੇ।