ਨਿੱਜੀ ਪੱਤਰ ਪ੍ਰੇਰਕ
ਸਿਰਸਾ, 21 ਜਨਵਰੀ
ਕਰੋਨਾ ਦੇ ਕਾਰਨ ਬੰਦ ਕੀਤੇ ਸਕੂਲ ਖੁੱਲ੍ਹਵਾਉਣ ਦੀ ਮੰਗ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਅੱਜ ਪ੍ਰਦਰਸ਼ਨ ਕਰ ਕੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਸਵਾਲ ਖੜ੍ਹੇ ਕੀਤੇ ਕੀ ਜਦੋਂ ਠੇਕੇ ਖੁੱਲ੍ਹੇ ਰੱਖੇ ਜਾ ਸਕਦੇ ਹਨ, ਰੈਲੀਆਂ ਤੇ ਧਰਨੇ ਪ੍ਰਦਰਸ਼ਨ ਹੋ ਸਕਦੇ ਹਨ ਤਾਂ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ।
ਮਿਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਓਮ ਪ੍ਰਕਾਸ਼ ਨੇ ਦੱਸਿਆ ਕਿ ਕਰੋਨਾ ਦੀ ਓਟ ’ਚ ਇਕ ਵਾਰ ਫਿਰ ਸਕੂਲ ਬੰਦ ਕਰ ਕੇ ਵਿਦਿਆਰਥੀਆਂ ਦੇ ਕਰੀਅਰ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ ਸਕਦੇ ਹਨ, ਬੱਸਾਂ ਸਵਾਰੀਆਂ ਨਾਲ ਭਰੀਆਂ ਜਾ ਸਕਦੀਆਂ ਹਨ, ਧਰਨੇ ਪ੍ਰਦਰਸ਼ਨ ਹੋ ਸਕਦੇ ਹਨ ਤਾਂ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਤਾਂ ਵਿਦਿਆਰਥੀ ਕਰੋਨਾ ਨੇਮਾਂ ਦੀ ਸਖ਼ਤਾਈ ਨਾਲ ਪਾਲਣ ਕਰ ਸਕਦੇ ਹਨ ਪਰ ਸਰਕਾਰ ਬੱਚਿਆਂ ਦੇ ਕਰੀਅਰ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ 26 ਜਨਵਰੀ ਮਗਰੋਂ ਸਕੂਲ ਨਾ ਖੋਲ੍ਹੇ ਗਏ ਤਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਜ਼ਰਦਸਤੀ ਸਕੂਲ ਖੋਲ੍ਹੇ ਜਾਣਗੇ।