ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਜੂਨ
ਇਥੋਂ ਦੇ ਪਿੰਡ ਨਟਾਰ ’ਚ ਇਕ ਵਿਦਿਆਰਥਣ ਨੇ ਭੇਤਭਰੀ ਹਾਲਤ ’ਚ ਕੋਈ ਜਹਿਰੀਲੀ ਚੀਜ਼ ਖਾ ਲਈ। ਇਲਾਜ ਦੌਰਾਨ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਨਟਾਰ ਵਾਸੀ ਕਾਲੂ ਰਾਮ ਦੀ ਲੜਕੀ ਸਿਮਰਨ ਸੀਡੀਐਲਯੂ ’ਚ ਐਮਐਸਸੀ ਦੂਜੇ ਵਰ੍ਹੇ ਦੀ ਵਿਦਿਆਰਥਣ ਸੀ। ਦੱਸਿਆ ਗਿਆ ਹੈ ਕਿ ਸਿਮਰਨ ਨੂੰ ਕੁਝ ਦਿਨ ਪਹਿਲਾਂ ਇਕ ਸੜਕ ਹਾਦਸੇ ਵਿੱਚ ਸੱਟ ਲੱਗੀ ਸੀ ਜਿਸ ਦੀ ਉਹ ਦਵਾਈ ਖਾ ਰਹੀ ਸੀ। ਬੀਤੇ ਕੱਲ੍ਹ ਦਵਾਈ ਦੀ ਥਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ। ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮ੍ਰਿਤਕਾ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਏਐਸਆਈ ਰਾਜਪਾਲ ਨੇ ਦੱਸਿਆ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।