ਪੱਤਰ ਪ੍ਰੇਰਕ
ਜੀਂਦ, 20 ਅਕਤੂਬਰ
ਇੱਥੇ ਅੱਜ ਨਗਰ ਪਰਿਸ਼ਦ ਕਰਮਚਾਰੀ ਸੰਘ ਦੇ ਸੱਦੇ ਉੱਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਰਾਣੀ ਤਲਾਬ ਕੋਲ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਸਰਕਾਰ ਖਿਲਾਫ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਹੜਤਾਲ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਸ਼ਾਮਲ ਹੋਏ।
ਧਰਨੇ ਦੀ ਪ੍ਰਧਾਨਗੀ ਰਾਜਵੀਰ ਨੇ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀ ਨਾ ਕੀਤੀਆਂ ਤਾਂ ਇਹ ਹੜਤਾਲ ਲੰਬੇ ਸਮੇਂ ਤੱਕ ਚੱਲੇਗੀ। ਯੂਨੀਅਨ ਦੇ ਪ੍ਰਧਾਨ ਵਿਜੇਂਦਰ ਕਾਗੜਾ ਨੇ ਕਿਹਾ ਕਿ ਸਰਕਾਰ ਨੇ ਜੇਕਰ ਦੋ ਦਿਨਾਂ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਇਹ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਕਰ ਦਿੱਤੀ ਜਾਵੇਗੀ। ਇਸ ਧਰਨੇ ਵਿੱਚ ਹਰਬੰਸ ਲਾਲ, ਅਜੈ, ਰਵੀ ਅਤੇ ਰਾਜੇਸ਼ ਆਦਿ ਸਮੇਤ ਵੱਡੀ ਗਿਣਤੀ ਸਫਾਈ ਕਰਮਚਾਰੀ ਸ਼ਾਮਲ ਸਨ।