ਸਰਬਜੋਤ ਸਿੰਘ ਦੁੱਗਲ
ਕਰਨਾਲ, 10 ਜੁਲਾਈ
ਜ਼ਿਲ੍ਹੇ ਦੀ 41 ਰਾਈਸ ਮਿੱਲ ਮਾਲਕਾਂ ਵੱਲੋਂ ਸਰਕਾਰ ਨੂੰ ਚੌਲ ਡਿਲੀਵਰੀ ਕਾਫ਼ੀ ਘੱਟ ਕੀਤੀ ਗਈ ਹੈ ਅਤੇ ਮਾਲਕਾਂ ਨੇ ਸਰਕਾਰ ਨੂੰ 50 ਤੋਂ 60 ਫ਼ੀਸਦ ਤੱਕ ਚੌਲ ਦਿੱਤਾ ਹੈ, ਜਦਕਿ ਹੁਣ ਤੱਕ 90 ਫ਼ੀਸਦੀ ਚੌਲ ਦੀ ਡਿਲੀਵਰੀ ਹੋ ਜਾਣੀ ਚਾਹੀਦੀ ਸੀ। ਇਸੇ ਤਹਿਤ ਪ੍ਰਸ਼ਾਸਨ ਨੇ ਰਾਈਸ ਮਿੱਲਰਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ। ਅੱਜ ਕਰੀਬ 30 ਰਾਈਸ ਮਿੱਲਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ। ਇਨ੍ਹਾਂ ਦਾ ਚੌਲ ਉਪਲੱਬਧ ਕਰਾਉਣ ਦਾ ਕਾਰਜ ਸਹੀ ਨਹੀਂ ਸੀ।
ਏਡੀਸੀ ਅਸ਼ੋਕ ਬੰਸਲ ਦੀ ਪ੍ਰਧਾਨਗੀ ਵਿੱਚ 6 ਟੀਮਾਂ ਬਣਾਈਆਂ ਗਈਆਂ ਹਨ ਅਤੇ ਡੀਐੱਫਐੱਸਸੀ ਨਿਸ਼ਾਂਤ ਕੁਮਾਰ ਰਾਠੀ ਨੇ ਵੀ 5 ਟੀਮਾਂ ਬਣਾਈਆਂ ਹਨ। ਜਾਣਕਾਰੀ ਮੁਤਾਬਿਕ ਅੱਜ ਕੁੰਜਪੁਰਾ ਅਤੇ ਘਰੌਂਡਾ ਦੀਆਂ ਰਾਈਸ ਮਿੱਲਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਈ ਗਈ। ਡੀਐੱਫਐੱਸਸੀ ਨੇ ਦੱਸਿਆ ਕਿ ਤਿੰਨ ਦਿਨ ਵਿੱਚ ਕਾਰਵਾਈ ਪੂਰੀ ਕਰ ਲਈ ਜਾਵੇਗੀ। ਕਾਰਵਾਈ ਵਿੱਚ 41 ਮਿੱਲਾਂ ਨੂੰ ਜੋੜਿਆ ਗਿਆ ਹੈ। ਕਿਸੇ ਮਿੱਲ ਦਾ 60 ਫ਼ੀਸਦ ਚੌਲ ਆ ਚੁੱਕਿਆ ਹੈ ਤਾਂ ਕਿਸੇ ਦਾ 50 ਫ਼ੀਸਦ ਤੇ ਜਿਨ੍ਹਾਂ ਮਿੱਲਾਂ ਦੀ ਚੌਲ ਉਪਲੱਬਧ ਕਰਵਾਉਣ ਦੀ ਔਸਤਨ ਮਾਤਰਾ ਇਨ੍ਹਾਂ ਤੋਂ ਵੀ ਘੱਟ ਹੈ, ਉਨ੍ਹਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੋ ਰਾਈਸ ਮਿੱਲਾਂ ਵਿੱਚ ਦੂਜੇ ਸੂਬੇ ਦਾ ਚੌਲ ਮਿਲਣ ’ਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਤੇ ਸਾਰੀਆਂ ਮਿੱਲਾਂ ਦਾ ਰਿਕਾਰਡ ਚੈੱਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਡੀਐੱਫਐੱਸਸੀ ਨੇ ਦੱਸਿਆ ਕਿ ਟੀਮ ਨੂੰ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਤੇ ਸਾਰੀਆਂ ਟੀਮਾਂ ਜਾਂਚ ਕਰਨ ਵਿੱਚ ਲੱਗੀਆਂ ਹਨ।