ਪੱਤਰ ਪ੍ਰੇਰਕ
ਰਤੀਆ, 4 ਅਕਤੂਬਰ
ਬੇਮੌਸਮੀ ਬਾਰਿਸ਼ ਕਾਰਨ ਜ਼ਿਲ੍ਹੇ ਵਿੱਚ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਨਾਲ ਕਿਸਾਨਾਂ ਦੇ ਮੱਥੇ ’ਤੇ ਚਿੰਤਾਵਾਂ ਦੀਆਂ ਲਕੀਰਾਂ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਅਤੇ ਖਜ਼ਾਨਚੀ ਰਾਜਵਿੰਦਰ ਸਿੰਘ ਚਹਿਲ ਨੇ ਪਿੰਡ ਬਾਹਮਣਵਾਲਾ ਵਿੱਚ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਬਾਰਿਸ਼ ਦੇ 10 ਦਿਨ ਬੀਤ ਜਾਣ ਦੇ ਬਾਅਦ ਅੱਜ ਵੀ ਖੇਤਾਂ ਵਿਚ ਲਗਭਗ 2-2 ਫੁੱਟ ਪਾਣੀ ਖੜ੍ਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਆਪਣੇ ਪੱਧਰ ’ਤੇ ਪਾਣੀ ਨਿਕਾਸੀ ਲਈ ਆਪਣੇ ਟਿਊਬਵੈੱਲਾਂ ਦੀਆਂ ਮੋਟਰਾਂ ਬਾਹਰ ਕੱਢ ਕੇ ਬੋਰਵੈੱਲਾਂ ਵਿਚ ਸਿੱਧਾ ਪਾਣੀ ਪਾਉਣਾ ਸ਼ੁਰੂ ਕੀਤਾ ਹੋਇਆ ਹੈ ਪਰ ਖੇਤਾਂ ਵਿਚ ਪਾਣੀ ਹੀ ਇੰਨਾ ਜ਼ਿਆਦਾ ਭਰਿਆ ਹੋਇਆ ਹੈ ਕਿ 10 ਦਿਨ ਤੋਂ ਲਗਾਤਾਰ ਪੂਰੀ ਰਫ਼ਤਾਰ ਨਾਲ ਧਰਤੀ ਵਿਚ ਪਾਣੀ ਜਾਣ ਦੇ ਬਾਵਜੂਦ ਪਾਣੀ ਨਹੀਂ ਨਿਕਲਿਆ, ਜਿਸ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰਧਾਨ ਮੱਲਵਾਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਫਸਲੀ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਪਿੰਡ ਬਾਹਮਣਵਾਲਾ ਦੇ ਹੇਠਲੇ ਪੱਧਰ ਦੇ ਖੇਤਾਂ ਵਿਚ ਵਾਟਰ ਰੀਚਾਰਜ ਬੋਰਵੈੱਲ ਲਗਾਏ ਜਾਣ, ਜਿਸ ਨਾਲ ਭਵਿੱਖ ਵਿਚ ਕਿਸਾਨ ਜਿੱਥੇ ਇਸ ਕੁਦਰਤੀ ਤਰਾਸਦੀ ਤੋਂ ਬਚਣਗੇ ਉਥੇ ਗਲੋਬਲ ਵਾਰਮਿੰਗ ਵਿਚ ਵੀ ਕਮੀ ਆਵੇਗੀ। ਇਸ ਮੌਕੇ ਭਾਕਿਯੂ ਖੇਤੀ ਬਚਾਓ ਦੇ ਮੈਂਬਰ ਸਾਬਕਾ ਸਰਪੰਚ ਕੁਲਦੀਪ ਸਿੰਘ ਬਰਾੜ, ਮਨਜੀਤ ਸਿੰਘ, ਤਰਸੇਮ ਸਿੰਘ, ਟੇਕ ਸਿੰਘ, ਤੇਜਿੰਦਰ ਸਿੰਘ ਔਜਲਾ ਆਦਿ ਹਾਜ਼ਰ ਸਨ।
ਜ਼ਿਲ੍ਹੇ ’ਚ 1.85 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੀਆਂ ਮੰਡੀਆਂ ਤੇ ਖਰੀਦ ਕੇਂਦਰਾਂ ’ਤੇ ਤਿੰਨ ਅਕਤੂਬਰ ਤੱਕ ਖਰੀਦ ਏਜੰਸੀਆਂ ਵੱਲੋਂ ਇੱਕ ਲੱਖ 85 ਹਜ਼ਾਰ 611 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਇਸ ’ਚ ਫੂਡ ਸਪਲਾਈ ਵਿਭਾਗ ਨੇ ਇਕ ਲੱਖ 38 ਹਜ਼ਾਰ 368 ਮੀਟਰਿਕ ਟਨ, ਹੈਫੇਡ ਨੇ 47 ਹਜ਼ਾਰ 254 ਝੋਨੇ ਦੀ ਖਰੀਦ ਕੀਤੀ ਹੈ। ਹੁਣ ਤੱਕ 25,898 ਕਿਸਾਨਾਂ ਦੀ ਫਸਲ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਖਰੀਦ ਦਾ ਕੰਮ ਪਹਿਲੀ ਅਕਤੂਬਰ ਤੋਂ ਚੱਲ ਰਿਹਾ ਹੈ। ਉਨ੍ਹਾਂ ਨੇ ਅਧਿਕਾਰੀਆਂ ਤੇ ਐੱਸਡੀਐੱਮ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੀਆਂ-ਆਪਣੀਆਂ ਮੰਡੀਆਂ ਵਿਚ ਜਾ ਕੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਸੇਵਾਵਾਂ ਚੈੱਕ ਕਰਨ ਤੇ ਕਿਸਾਨਾਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ।