ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 24 ਮਾਰਚ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਬੁੱਧਵਾਰ ਨੂੰ ਨਾਹਰ ਸਿੰਘ ਸਟੇਡੀਅਮ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਟੇਡੀਅਮ ਦੇ ਨਿਰਮਾਣ ਕਾਰਜ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕਰਨ ਲਈ ਨਾਹਰ ਸਿੰਘ ਸਟੇਡੀਅਮ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਉਸਾਰੀ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿਖੇ 115 ਕਰੋੜ ਰੁਪਏ ਦੀ ਲਾਗਤ ਨਾਲ ਸਹੂਲਤਾਂ ਬਣਾਈਆਂ ਜਾ ਰਹੀਆਂ ਹਨ।
ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਉਸਾਰੀ ਤੇ ਤਕਨੀਕੀ ਕੰਮਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖੇਡ ਪ੍ਰੇਮੀਆਂ ਨੂੰ ਸਮੇਂ ਸਿਰ ਸਟੇਡੀਅਮ ਸਹੂਲਤਾਂ ਦਾ ਲਾਭ ਦਿੱਤਾ ਜਾ ਸਕੇ। ਉਨ੍ਹਾਂ ਸਖਤ ਸੁਰ ਵਿਚ ਮੌਜੂਦ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਸਬੰਧਤ ਅਧਿਕਾਰੀ ਇਸ ਸਬੰਧ ਵਿਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ, ਜਾਂ ਗੁਣਵੱਤਾ ਦੀ ਘਾਟ ਲਈ ਜ਼ਿੰਮੇਵਾਰ ਹੋਣਗੇ ਜਿਸ ਲਈ ਉਹ ਇਸ ਦੀ ਗੁਣਵੱਤਾ ਤੇ ਹੋਰ ਸਬੰਧਤ ਮਾਮਲਿਆਂ ਨਾਲ ਜਾਂਚ ਸਮੇਂ ਸਿਰ ਕਰਨ ਦਾ ਆਦੇਸ਼ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਹਰਿਆਣਾ ਇਕ ਮੋਹਰੀ ਰਾਜ ਹੈ। ਰਾਜ ਸਰਕਾਰ ਨੇ ਰਾਜ ਭਰ ਵਿੱਚ ਸ਼ਾਨਦਾਰ ਖਿਡਾਰੀ ਪੈਦਾ ਕਰਨ ਲਈ ਵਿਸ਼ੇਸ਼ ਕਾਰਜ ਯੋਜਨਾ ਅਤੇ ਸਪੋਰਟਸ ਸਟੇਡੀਅਮ ਸਮੇਤ ਹੋਰ ਯੋਜਨਾਵਾਂ ਲਾਗੂ ਕੀਤੀਆਂ ਹਨ। ਇਸ ਵਿਚ ਸਬੰਧਤ ਵਿਭਾਗਾਂ ਅਤੇ ਖੇਡ ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀਆਂ ਸਮੂਹਿਕ ਕੋਸ਼ਿਸ਼ਾਂ ਸਦਕਾ ਖੇਡਾਂ ਦੇ ਖੇਤਰ ਵਿਚ ਵਧੀਆ ਖਿਡਾਰੀਆਂ ਨੂੰ ਤਿਆਰ ਕਰਨ ਲਈ ਵਾਤਾਵਰਣ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਰਿਆਂ ਨੂੰ ਸਮੂਹਿਕ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਉਮੀਦ ਜਤਾਈ ਕਿ ਬਹੁ-ਕਰੋੜ ਦੇ ਪ੍ਰਾਜੈਕਟ ਦੀ ਸਿਰਜਣਾ ਨਾਲ ਨਾਹਰ ਸਿੰਘ ਸਟੇਡੀਅਮ, ਜਿਥੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਾਂ ਦੇ ਖੇਤਰ ਵਿਚ ਸਭ ਤੋਂ ਅੱਗੇ ਇਕ ਹੋਰ ਜ਼ਿਲ੍ਹੇ ਦਾ ਨਾਮ ਲਿਆ ਜਾਵੇਗਾ ਉਥੇ ਇਸ ਪਲੇਟਫਾਰਮ ਰਾਹੀਂ ਫਰੀਦਾਬਾਦ ਅਤੇ ਆਸ ਪਾਸ ਦੇ ਖੇਤਰਾਂ ਦੇ ਖਿਡਾਰੀਆਂ ਨੂੰ ਖੇਡਣ ਦਾ ਵਧੀਆ ਪਲੇਟਫਾਰਮ ਉਪਲਬਧ ਹੋਵੇਗਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਜ਼ਿਲ੍ਹਾ ਖੇਡ ਤੇ ਯੁਵਾ ਪ੍ਰੋਗਰਾਮ ਅਧਿਕਾਰੀ ਨੂੰ ਕਿਹਾ ਕਿ ਉਹ ਜ਼ਿਲੇ ਵਿਚ ਖੇਡ ਵਿਭਾਗ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ’ਤੇ ਨਜ਼ਰ ਰੱਖਣ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਰੱਖਣ। ਉਨ੍ਹਾਂ ਨੂੰ ਖਾਲੀ ਕਰਨ ਲਈ ਯਤਨ ਕਰਨ ਅਤੇ ਇਸ ਸਬੰਧ ਵਿੱਚ ਕਿਸੇ ਵੀ ਸਮੱਸਿਆ ਬਾਰੇ ਉਨ੍ਹਾਂ ਨੂੰ ਦੱਸਣ।