ਸਤਪਾਲ ਰਾਮਗੜ੍ਹੀਆ
ਪਿਹੋਵਾ, 28 ਜੁਲਾਈ
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਹੋਏ ਲੋਕਾਂ ਦੇ ਨੁਕਸਾਨ ’ਤੇ ਨਜ਼ਰ ਰੱਖਦਿਆਂ ਸਮੂਹ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ। ਖੇਡ ਮੰਤਰੀ ਅੱਜ ਪਿੰਡ ਲੋਹਾਰ ਮਾਜਰਾ ਵਿੱਚ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਵਾਲੇ ਪਰਿਵਾਰ ਦਾ ਹਾਲਚਾਲ ਪੁੱਛਣ ਲਈ ਪੁੱਜੇ। ਇਸ ਦੌਰਾਨ ਪੀੜਤ ਪਰਿਵਾਰ ਦੇ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹੈ। ਅੱਜ ਸਵੇਰ ਤੋਂ ਹੀ ਭਾਰੀ ਬਾਰਸ਼ ਹੋ ਰਹੀ ਸੀ। ਇਸ ਦੌਰਾਨ, ਜਦੋਂ ਉਸ ਦੀ ਪਤਨੀ ਰਾਜੋ ਦੇਵੀ ਕਮਰੇ ਵਿਚ ਖਾਣਾ ਬਣਾ ਰਹੀ ਸੀ, ਅਚਾਨਕ ਛੱਤ ਡਿੱਗ ਗਈ ਅਤੇ ਉਸ ਦੀ ਧੀ ਪਿੰਕੀ, ਪੁੱਤਰ ਰਾਹੁਲ ਅਤੇ ਪਤਨੀ ਰਾਜੋ ਮਲਬੇ ਹੇਠਾਂ ਦੱਬ ਗਏ। ਗੁਆਂਢੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪੀੜਤ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਖੇਡ ਮੰਤਰੀ ਸੰਦੀਪ ਸਿੰਘ ਨੇ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਸਹੀ ਇਲਾਜ ਲਈ ਫੋਨ ’ਤੇ ਨਿਰਦੇਸ਼ ਦਿੱਤੇ। ਖੇਡ ਮੰਤਰੀ ਵੱਲੋਂ ਨਿੱਜੀ ਫੰਡ ਵਿੱਚੋਂ ਪੀੜਤ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪੀੜਤ ਰਾਜਕੁਮਾਰ ਨੇ ਖੇਡ ਮੰਤਰੀ ਵੱਲੋਂ ਮਿਲੀ ਦੋ ਲੱਖ ਦੀ ਸਹਾਇਤਾ ਪ੍ਰਾਪਤ ਕਰਨ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਮੇਨ ਚੌਕ ਵਿੱਚ ਪਾਣੀ ਭਰਨ ਦੀ ਸਥਿਤੀ ਦਾ ਜਾਇਜ਼ਾ ਲਿਆ
ਖੇਡ ਮੰਤਰੀ ਸੰਦੀਪ ਸਿੰਘ ਨੇ ਭਾਰੀ ਮੀਂਹ ਕਾਰਨ ਪੈਦਾ ਹੋਏ ਪਾਣੀ ਦੀ ਭਿਆਨਕ ਸਥਿਤੀ ਦਾ ਜਾਇਜ਼ਾ ਲੈਣ ਲਈ ਇਸ ਖੇਤਰ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰਬੰਧਕੀ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਉਨ੍ਹਾਂ ਕਿਹਾ ਕਿ ਜਲ ਨਿਕਾਸੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਸਾਰੀਆਂ ਕਲੋਨੀਆਂ ਅਤੇ ਵਾਰਡਾਂ ਵਿੱਚ ਟੀਮਾਂ ਤਾਇਨਾਤ ਕਰਕੇ ਕੀਤਾ ਜਾਵੇ। ਉਨ੍ਹਾਂ ਐੱਸਡੀਐਮ ਸੋਨੂੰ ਰਾਮ ਅਤੇ ਨਗਰ ਨਿਗਮ ਦੇ ਸਕੱਤਰ ਅੰਕੁਸ਼ ਪਰਾਸ਼ਰ ਨੂੰ ਮੇਨ ਚੌਕ ਨੇੜੇ ਸਥਿਤ ਚਾਰ ਮਰਲੇ ਕਲੋਨੀ ਵਿੱਚ ਵਾਧੂ ਪੰਪਾਂ ਦਾ ਪ੍ਰਬੰਧ ਕਰਕੇ ਪਾਣੀ ਦੀ ਨਿਕਾਸੀ ਕਰਨ ਦੀ ਹਦਾਇਤ ਕੀਤੀ।